ਪੰਨਾ:ਟੈਕਸੀਨਾਮਾ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕਬਾਲ ਸਿੰਘ ਅਟਵਾਲ

ਮੈਨੂੰ 37 ਸਾਲ ਹੋ ਗਏ ਟੈਕਸੀ ਚਲਾਉਂਦੇ। 1972 ’ਚ ਮੈਂ ਕਨੇਡਾ ਆਇਆ ਸੀ, ਦੋ-ਤਿੰਨ ਮਹੀਨੇ ਬਆਦ ਚਲਾਉਣ ਲੱਗ ਪਿਆ ਸੀ। ਮੈਂ ਇੰਡੀਆ ਤੋਂ ਬੀ ਐੱਸ ਸੀ ਮੈਡੀਕਲ ਕਰ ਕੇ ਆਇਆ ਸੀ।

ਜਦੋਂ ਮੈਂ ਟੈਕਸੀ ਚਲਾਉਣ ਲੱਗਾਂ, ਉਦੋਂ ਕੋਈ ਟਰੇਨਿੰਗ ਨਹੀਂ ਸੀ ਹੁੰਦੀ। ਇਥੋਂ ਤੱਕ ਕਿ ਮੈਂ ਆਪਣਾ ਡਰਾਈਵਿੰਗ ਲਾਈਸੈਂਸ ਲੈਣ ਤੋਂ ਬਾਅਦ ਜਿਹੜੀ ਕਾਰ ਵਿਚ ਆਪਣੇ ਤੌਰ ਤੇ ਇਕੱਲਾ ਚਲਾਉਣ ਲੱਗਾ, ਉਹ ਟੈਕਸੀ ਹੀ ਸੀ।

ਉਦੋਂ ਡਿਸਕ੍ਰਿਮੀਨੇਸ਼ਨ ਬਹੁਤ ਹੁੰਦੀ ਸੀ। ਯੈਲੋ ਕੈਬ ਕੰਪਨੀ 'ਚ ਆਪਣੇ ਬੰਦੇ ਚਲਾ ਤਾਂ ਸਕਦੇ ਸੀ ਪਰ ਆਪਣੀ ਨਹੀਂ ਸੀ ਖ੍ਰੀਦ ਸਕਦੇ। ਜੇ ਕੋਈ ਟੈਕਸੀ ਖ੍ਰੀਦਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨੌਕਰੀਓਂ ਕੱਢ ਦਿੰਦੇ। ਮੇਰੇ ਤੋਂ ਪਹਿਲਾਂ ਕਈ ਬੰਦੇ ਯੈਲੋ ’ਚੋਂ ਫਾਇਰ ਹੋ ਕੇ ਬਲੈਕ ਟੌਪ ਟੈਕਸੀ ’ਚ ਗਏ ਸੀ। ਯੈਲੋ ਕੈਬ ਕੰਪਨੀ ਦਾ ਰੂਲ ਸੀ ਕਿ ਜਦੋਂ ਡਰਾਈਵਰ ਨੂੰ ਨੌਂ ਮਹੀਨੇ ਹੋ ਜਾਣ ਕੰਪਨੀ ਨਾਲ ਟੈਕਸੀ ਚਲਾਉਂਦਿਆਂ ਤਾਂ ਉਹ ਟੈਕਸੀ ਖ੍ਰੀਦਣ ਵਾਸਤੇ ਅਪਲਾਈ ਕਰ ਸਕਦਾ ਸੀ। ਮੈਂ ਸਾਲ ਬਾਅਦ ਅਪਲਾਈ ਕਰ ਦਿੱਤਾ। ਪਰ ਉਨ੍ਹਾਂ ਨੇ ਜਵਾਬ ਦੇ ਦਿੱਤਾ। ਟੈਕਸੀ ਚਲਾਉਂਦਿਆਂ ਮੇਰੀ ਇਕ ਡਾਇਰੈਕਟਰ ਨਾਲ ਹੈਲੋ ਹਾਏ ਹੋ ਗਈ ਸੀ। ਇਕ ਦਿਨ ਮੈਂ ਓਹਤੋਂ ਪੁੱਛਿਆ ਪਈ ਕਾਰਣ ਕੀ ਐ। ਮੈਨੂੰ ਟੈਕਸੀ ਖ੍ਰੀਦਣ ਕਿਓਂ ਨੀ ਦਿੰਦੇ। ਉਸ ਦੱਸਿਆ ਕਿ ਇਹ ਸੋਚਦੇ ਆ ਕਿ ਜੇ ਇੱਕ ਈਸਟ ਇੰਡੀਅਨ ਨੂੰ ਟੈਕਸੀ ਵੇਚ ਦਿੱਤੀ ਤਾਂ ਏਥੇ ਸਾਰੇ ਈਸਟ ਇੰਡੀਅਨ ਈ ਹੋ ਜਾਣੇ ਆਂ। ਪਹਿਲਾਂ ਚੀਨਿਆਂ ਨੂੰ ਖੁੱਲ੍ਹ ਦੇ ਕੇ ਵੀ ਏਦਾਂ ਹੀ ਹੋਇਆ ਸੀ। ਸਾਲ ਕੁ ਬਆਦ ਮੈਂ ਸੋਚਿਆ ਕਿ ਮੈਨੂੰ ਫਿਰ ਟਰਾਈ ਕਰਨੀ ਚਾਹੀਦੀ ਆ ਆਪਣੀ ਟੈਕਸੀ ਖ੍ਰੀਦਣ ਲਈ। ਮੈਨੂੰ ਉਹ ਨੌਕਰੀਓਂ ਤਾਂ ਨਾ ਕੱਢ ਸਕੇ। ਉਨ੍ਹਾਂ ਨੂੰ ਕੋਈ ਬਹਾਨਾ ਨਹੀਂ ਲੱਭਾ। ਮੈਂ ਕੰਮ ਨਾਲ ਹੀ ਵਾਸਤਾ ਰੱਖਦਾ ਸੀ। ਕਦੇ ਮੌਕਾ ਨਹੀਂ ਦਿੱਤਾ ਕਿਸੇ ਨੂੰ ਕੁਝ ਕਹਿਣ ਦਾ। ਪਰ ਉਨ੍ਹਾਂ ਬਿਨ੍ਹਾਂ ਕੋਈ ਵਜ੍ਹਾ ਦੱਸੇ ਮੈਨੂੰ ਫਿਰ ਇਨਕਾਰ ਕਰ ਦਿੱਤਾ। ਅਸੀਂ ਫਿਰ ਕੁਝ ਬੰਦੇ ਇਕੱਠੇ ਹੋ ਕੇ ਇੱਕ ਵਕੀਲ ਹੁੰਦਾ ਸੀ ਹੈਰੀ ਲਿੰਕਨ, ਉਸ ਨੂੰ ਮਿਲਣ ਗਏ। ਉਹ ਸਿਟੀ ਦਾ ਐਲਡਰਮੈਨ ਵੀ ਸੀ ਇਟਾਲੀਅਨ ਮੂਲ ਦਾ ਸੀ। ਉਹ ਵੀ ਇਮੀਗਰੈਂਟ ਈ ਸੀ। ਉਹ ਸਾਡੇ ਨਾਲ74/ ਟੈਕਸੀਨਾਮਾ