ਪੰਨਾ:ਟੈਕਸੀਨਾਮਾ.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਸ਼ਬਦ

1990-91 'ਚ ਜਦੋਂ ਵੀ ਮੈਨੂੰ ਆਪਣੇ ਕੰਮ ਤੋਂ ਛੁੱਟੀ ਹੁੰਦੀ, ਮੈਂ ਟੈਕਸੀ ਚਲਾਉਣ ਭੱਜਦਾ। ਟੈਕਸੀ ਚ ਨਵੇਂ ਅਨੁਭਵ ਹੁੰਦੇ। ਹੋਰ ਡਰਾਈਵਰਾਂ ਦੇ ਅਨੁਭਵ ਸੁਣਦਾ। ਮੇਰਾ ਜੀਅ ਕਰਦਾ ਕਿ ਇਨ੍ਹਾਂ ਨੂੰ ਲਿਖਾਂ। ਪਰ ਕਦੇ ਫੇਰ ਸਹੀ ’ਤੇ ਛੱਡ ਦਿੰਦਾ। ਫੇਰ ਮੈਂ ਨਰੰਜਣ ਤਸਨੀਮ ਹੋਰਾਂ ਦਾ ਨਾਵਲ ਪੜ੍ਹਿਆ ‘ਇੱਕ ਹੋਰ ਨਵਾਂ ਸਾਲ'। ਇਸ ਨਾਵਲ ਵਿਚ ਇਕ ਰਿਕਸ਼ੇ ਵਾਲੇ ਦੇ ਨਵੇਂ ਸਾਲ ਦੇ ਦਿਨ ਦੇ ਰੁਝੇਵਿਆਂ ਦਾ ਵਰਨਣ ਹੈ। ਮੇਰੇ ਚਿੱਤ 'ਚ ਆਈ ਕਿ ਇਸ ਤਰ੍ਹਾਂ ਦਾ ਨਾਵਲ ਲਿਖਾਂ, ਜਿਸ ਵਿਚ ਵੈਨਕੂਵਰ ਦੀ ਟੈਕਸੀ ਸਨਅਤ ਦਾ ਸਭਿਆਚਾਰ ਹੋਵੇ। ਕਈ ਦਿਨ ਸੋਚਦਾ ਵੀ ਰਿਹਾ ਪਰ ਇਹ ਕੰਮ ਵੱਡਾ ਸੀ ਤੇ ਮੈਂ ਨਵੀਂ ਧਰਤੀ 'ਤੇ ਆਪਣੇ ਪੈਰ ਜਮਾਉਣ ਵਿਚ ਜੁਟਿਆ ਹੋਇਆ ਸੀ ਤੇ ਗੱਲ ਕਦੇ ਫੇਰ ਸਹੀ ’ਤੇ ਪੈ ਗਈ। ਤਿੰਨ ਕੁ ਸਾਲ ਪਹਿਲਾਂ ਵਰਿਆਮ ਸਿੰਘ ਸੰਧੂ ਹੋਰਾਂ ਨੇ ਸੀਰਤ ਨਾਂ ਦਾ ਰਸਾਲਾ ਕੱਢਿਆ। ਉਨ੍ਹਾਂ ਨੇ ਰਸਾਲੇ ਲਈ ਕੁਝ ਲਿਖਣ ਦੀ ਜਿੰਮੇਵਾਰੀ ਲਾ ਦਿੱਤੀ। ਮੈਂ ਟੈਕਸੀਨਾਮਾ ਸ਼ੁਰੂ ਕਰ ਦਿੱਤਾ। ਕੁਝ ਗੱਲਾਂ ਚੇਤੇ ’ਚ ਸਨ ਤੇ ਕਈ ਭੁੱਲ-ਭਲਾ ਗਈਆਂ ਸਨ। ਮੈਂ ਟੈਕਸੀ ਚਲਾਉਣੀ ਛੱਡ ਦਿੱਤੀ ਸੀ। ਸੱਜਰੇ ਅਨੁਭਵ ਕਰਨ ਲਈ ਮੈਂ ਫਿਰ ਕਦੇ-ਕਦਾਈਂ ਟੈਕਸੀ ਚਲਾਉਣ ਲੱਗ ਪਿਆ। ਟੈਕਸੀਨਾਮਾ ਲਿਖਦਿਆਂ ਹੀ ਮੈਂ ਸੋਚਿਆ ਕਿ ਟੈਕਸੀ ਸਨਅਤ ਬਾਰੇ ਇੱਕ ਕਿਤਾਬ ਲਿਖਾਂ। ਇਸ ਖਾਤਰ ਮੈਂ ਕੁਝ ਪੁਰਾਣੇ ਟੈਕਸੀ ਡਰਾਈਵਰਾਂ ਨਾਲ ਮੁਲਾਕਾਤਾਂ ਕੀਤੀਆਂ। ਟੈਕਸੀ ਕਿੱਤੇ ਵਿਚ ਓਨ੍ਹਾਂ ਦੇ ਰਾਹ ਵਿਚ ਆਈਆਂ ਔਕੜਾਂ ਬਾਰੇ ਜਾਨਣ ਦੀ ਮੇਰੀ ਉਤਸੁਕਤਾ ਸੀ। ਮੁਲਾਕਾਤਾਂ ਦਾ ਟੇਪ ਤੋਂ ਉਤਾਰਾ ਕਰਦਿਆਂ ਮੈਂ ਸੋਚਿਆ ਕਿ ਕਿਉਂ ਨਾ ਇਨ੍ਹਾਂ ਨੂੰ ਇਵੇਂ ਹੀ ਪਿਆ ਰਹਿਣ ਦਿਆਂ 'ਤੇ ਫੇਰ ਵੇਹਲੇ ਸਮੇਂ ਨਾਵਲ ਲਿਖਾਂ। ਅੰਦਰਲਾ ਕਾਹਲਾ ਚਿੱਤ ਆਖਦਾ ਹੈ ਕਿ ਉਹ ਵੇਹਲਾ ਸਮਾਂ ਪਤਾ ਨਹੀਂ ਕਦੋਂ ਆਵੇਗਾ, ਏਹਨਾਂ ਨੂੰ ਇਕੱਠਿਆਂ ਕਰ।

ਇਸ ਕਿਤਾਬ ਵਿਚਲੇ ਅਨੁਭਵ ਕੁਝ ਹੱਡ -ਬੀਤੇ ਹਨ ਤੇ ਕੁਝ ਜੱਗ- ਬੀਤੇ। ਮੈਂ ਬਹੁਤ ਸਾਰੇ ਪੁਰਾਣੇ ਡਰਾਈਵਰਾਂ ਨਾਲ ਮੁਲਾਕਾਤਾਂ ਕੀਤੀਆਂ ਸਨ ਪਰ ਦੁਹਰਾਅ ਤੋਂ ਬਚਣ ਲਈ ਮੈਂ ਕੁਝ ਕੁ ਹੀ ਕਿਤਾਬ ਵਿਚ ਸ਼ਾਮਲ ਕਰ ਰਿਹਾ ਹਾਂ। ਮੇਰਾ ਮਨੋਰਥ ਇਸ ਕਿਤਾਬ ਰਾਹੀਂ ਟੈਕਸੀ ਸਭਿਆਚਾਰ ’ਤੇ ਝਾਤ ਪਵਾਉਣਾ ਹੈ।