ਪੰਨਾ:ਟੈਕਸੀਨਾਮਾ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੈਸ ਸਟੇਸ਼ਨ ਤੋਂ ਕੈਸ ਲੈਣ ਗਿਆ ਉਹ ਕਾਫ਼ੀ ਦੇ ਦੋ ਕੱਪ ਲੈ ਆਉਂਦਾ ਹੈ। ਇੱਕ ਮੈਨੂੰ ਦੇ ਦਿੰਦਾ ਹੈ। ਦੂਜੇ ਕੱਪ ਵਿੱਚੋਂ ਚੁਸਕੀਆਂ ਲੈਂਦਾ ਉਹ ਪਹਾੜਾਂ 'ਤੇ ਪਈ ਬਰਫ਼ ਦੀਆਂ ਤਰੀਫਾਂ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਜਿਵੇਂ ਉਹ ਬਰਫ਼ਾਂ ਦੀ ਸੁੰਦਰਤਾ ਦੇ ਗੀਤ ਗਾ ਰਿਹਾ ਹੋਵੇ। ਮੈਨੂੰ ਵੀ ਬਰਫ਼ ਚੰਗੀ-ਚੰਗੀ ਲੱਗਦੀ ਹੈ। ਸ਼ਾਇਦ ਸੱਚੀਂ ਹੀ ਸੋਹਣੀ ਹੈ ਜਾਂ ਲੰਮੇ ਟ੍ਰਿੱਪ ਦੀ ਖੁਸ਼ੀ ਕਾਰਣ ਇਹ ਸੋਹਣੀ ਲੱਗਦੀ ਹੈ। ਐਹੋ-ਜਿਹੇ ਟ੍ਰਿੱਪ ਵਰ੍ਹੇ-ਛਿਮਾਹੀ ਹੀ ਮਿਲਦੇ ਹਨ।

ਵਾਪਸੀ ਵੇਲੇ ਮੈਂ ਫਿਰ ਕੰਪਿਊਟਰ ਸਕਰੀਨ 'ਤੇ ਉਂਗਲਾ ਮਾਰਦਾ ਹਾਂ। ਪਰ ਉੱਥੇ ਸਿਗਨਲ ਨਹੀਂ ਹੈ। ਮੈਂ ਰੇਡੀਓ ਚਲਾ ਕੇ ਦੇਖਦਾ ਹਾਂ, ਉਹ ਵੀ ਘਰੜ ਘਰੜ ਕਰਦਾ ਹੈ। ਮੈਂ ਸੀ ਡੀ ਚਲਾ ਲੈਂਦਾ ਹਾਂ। ਟੈਕਸੀ ਚਲਾਉਂਦਿਆਂ ਹੀ ਸੇਬ ਅਤੇ ਅੰਗੂਰ ਖਾ ਕੇ ਆਪਣਾ ‘ਲੰਚ’ ਖਾਣ ਦਾ ਕੰਮ ਵੀ ਨਬੇੜ ਲੈਂਦਾ ਹਾਂ । ਟੈਕਸੀ 148 ਜ਼ੋਨ ਵਿਚ ਬੁੱਕ ਕਰਵਾ ਦਿੰਦਾ ਹਾਂ। ਹਾਲੇ ਮੈਂ ਸੈਕਿੰਡ ਨੈਰੋਜ਼ ਪੁਲ 'ਤੇ ਹੀ ਹਾਂ, ਜਦੋਂ ਜ਼ੋਨ ਵਿਚ ਮੇਰਾ ਨੰਬਰ ਪਹਿਲਾ ਹੋ ਜਾਂਦਾ ਹੈ। ਮੈਨੂੰ ਡਰ ਹੈ ਕਿ ਹੁਣੇ ਟ੍ਰਿੱਪ ਨਾ ਮਿਲ ਜਾਵੇ। ਇਸ ਲਈ ਮੈਂ ‘ਟੈਂਪ੍ਰੇਰੀ ਆਫ਼’ ਵਾਲਾ ਬਟਨ ਦੱਬ ਦਿੰਦਾ ਹਾਂ। ਇਸ ਤਰ੍ਹਾਂ ਮੈਂ ਵੀਹ ਮਿੰਟ ਲਈ ‘ਆਫ਼’ ਰਹਿ ਸਕਦਾ ਹਾਂ। ਜ਼ੋਨ ਵਿਚ ਮੇਰੀ ਪੁਜ਼ੀਸ਼ਨ ਪਹਿਲੀ ਹੀ ਰਹੇਗੀ। ਉਨੀ ਦੇਰ ਵਿਚ ਮੈਂ ਉੱਥੇ ਅੱਪੜ ਹੀ ਜਾਵਾਂਗਾ। ਨੇੜੇ ਪਹੁੰਚ ਕੇ ਮੈਂ ਫਿਰ ‘ਅਵੇਲੇਬਲ' ਬਟਨ ਨੱਪ ਦਿੰਦਾ ਹਾਂ। ਛੇਤੀਂ ਹੀ ਮੈਨੂੰ ਸੇਫਵੇਅ ਗਰੋਸਰੀ ਸਟੋਰ 'ਤੋਂ ਟ੍ਰਿੱਪ ਡਿਸਪੈਚ ਹੋ ਜਾਂਦਾ ਹੈ। ਮੇਰਾ ਜੀਅ ਨਹੀਂ ਕਰਦਾ ਕਿ ਇਹ ਟ੍ਰਿੱਪ ‘ਐਕਸਿਪਟ’ ਕਰਾਂ। ਨਾ ਹੋਇਆਂ ਵਰਗਾ ਹੋਵੇਗਾ ਇਹ ਟ੍ਰਿੱਪ । ਹੋ ਸਕਦਾ ਹੈ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਕੋਈ ਹੋਰ ਟੈਕਸੀ ਲੈ ਜਾਵੇ। ਜੇ ਮੈਂ ਇਹ ਟ੍ਰਿੱਪ ‘ਰੀਜੈਕਟ’ ਕਰਦਾ ਹਾਂ ਤਾਂ ਜ਼ੋਨ ਵਿਚ ਮੇਰਾ ਨੰਬਰ ਅਖ਼ੀਰ ’ਤੇ ਚਲਿਆ ਜਾਵੇਗਾ। ਇਸ ਲਈ ਮੈਂ ਅਣਮੰਨੇ ਜਿਹੇ ਮਨ ਨਾਲ ਉਹ ਟ੍ਰਿੱਪ ਲੈ ਲੈਂਦਾ ਹਾਂ। ਇਹ ਇਕ ਬੁੱਢੀ ਔਰਤ ਹੈ। ਉਸ ਕੋਲ ਵਾਕਰ ਹੈ। ਇਕ ਦਵਾਈਆਂ ਵਾਲਾ ਲਿਫਾਫਾ ਹੈ। ਮੈਂ ਉਸ ਨੂੰ ਸਹਾਰਾ ਦੇ ਕੇ ਟੈਕਸੀ ਦੀ ਮੂਹਰਲੀ ਸੀਟ ’ਤੇ ਬਿਠਾਉਂਦਾ ਹਾਂ। ਉੱਥੇ ਬੈਠਣਾ ਉਸ ਲਈ ਆਸਾਨ ਹੈ। ਫਿਰ ਉਸਦਾ ਵਾਕਰ ਟਰੰਕ ਵਿਚ ਰੱਖਦਾ ਹਾਂ। ਸੀਟ ਬੈਲਟ ਲਾਉਣ ਵਿਚ ਉਸ ਦੀ ਮੱਦਦ ਕਰਦਾ ਹਾਂ। ਉਸ ਨੇ ਬਹੁਤ ਹੀ ਨਜ਼ਦੀਕ ਜਾਣਾ ਹੈ। ਉੱਥੇ ਪਹੁੰਚ ਕੇ ਉਹ ‘ਟੈਕਸੀ ਸੇਵਰ ਕੁੂਪਨ ਦੇ ਦਿੰਦੀ ਹੈ। ਉਨ੍ਹਾਂ ਨੂੰ ਭਰਨ ਦਾ ਵੀ ਖਲਜਗਣ ਹੈ। ਮੈਂ ਟਰੰਕ ਵਿੱਚੋਂ ਉਸਦਾ ਵਾਕਰ ਕੱਢਦਾ ਹਾਂ । ਫਿਰ ਉਸ ਔਰਤ ਦਾ ਦਰਵਾਜ਼ਾ ਖੋਹਲ ਕੇ ਉਸ ਨੂੰ ਸਹਾਰਾ ਦੇ ਕੇ ਉਸਦਾ ਵਾਕਰ ਉਸਦੇ ਹੱਥ ਹੇਠ ਕਰਕੇ ‘ਸਾਈਡ ਵਾਕ’ ਤੱਕ ਛੱਡ ਆਉਂਦਾ ਹਾਂ। ਚਾਰ ਡਾਲਰ ਦੇ ਇਸ ਟ੍ਰਿੱਪ ਵਿਚ ਮੇਰਾ ਕਾਫ਼ੀ ਸਮਾਂ ਲੱਗ ਜਾਂਦਾ ਹੈ।

ਟ੍ਰਿੱਪ ਤੋਂ ਵਿਹਲਾ ਹੋ ਕੇ ਮੈਂ ਘਰ ਫੋਨ ਕਰਕੇ ਹਾਲ-ਚਾਲ ਪੁੱਛਦਾ ਹਾਂ।

ਮੇਰੀ ਬੇਟੀ ਵਾਪਸੀ ’ਤੇ ਪੀਜ਼ਾ ਲੈ ਕੇ ਆਉਣ ਦੀ ਤਾਕੀਦ ਕਰਦੀ ਹੈ। ਪਿੱਛੋਂ ਬੇਟਾ

64/ਟੈਕਸੀਨਾਮਾ