ਪੰਨਾ:ਟੈਕਸੀਨਾਮਾ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਤੇ ਕਈ ਵਾਰੀ ਜਿਓਂ ਵੀਹਾਂ ਦੇ ਨੋਟ ਮਿਲਣ ਲੱਗਦੇ ਹਨ ਕਿ ਭਾਨ ਮੁੱਕੀ ਰਹਿੰਦੀ ਹੈ। ‘ਕਿਸੇ ਹੋਰ ਨੂੰ ਨਾ ਇਸ ਤਰ੍ਹਾਂ ਛੱਡਣੇ ਪੈ ਜਾਣ,’ ਸੋਚ ਕੇ ਮੈਂ ਵੀਹ ਡਾਲਰ ਦਾ ਨੋਟ ਤੜਵਾਉਣ ਲਈ ਗੈਸ ਸਟੇਸ਼ਨ 'ਤੇ ਰੁਕ ਜਾਂਦਾ ਹਾਂ। ਦੋ ਡਾਲਰ ਦੀ ਚਾਕਲੇਟ ਖ੍ਰੀਦ ਲੈਂਦਾ ਹਾਂ। ਟੈਕਸੀ ਚਲਾਉਂਦਿਆਂ ਮੈਂ ਕਾਫ਼ੀ ਨਹੀਂ ਪੀਂਦਾ। ਇਸ ਨਾਲ ਪਿਸ਼ਾਬ ਦਾ ਜ਼ੋਰ ਪੈਣ ਦਾ ਡਰ ਰਹਿੰਦਾ ਹੈ। ਹੁਣ ਵੀ ਜ਼ੋਰ ਹੈ। ਗੈਸ ਸਟੇਸ਼ਨ ਵਾਲੇ ਨੂੰ ਦੋ ਡਾਲਰ ਵੀ ਵਟਾਏ ਹਨ ਇਸ ਲਈ ਵਾਸ਼ਰੂਮ ਵਰਤਣ ਵਿਚ ਕੋਈ ਸ਼ਰਮ ਨਹੀਂ ਮਹਿਸੂਸ ਹੋਵੇਗੀ। ਭਾਨ ਅਤੇ ਵਾਸ਼ਰੂਮ ਦੀ ਸਮੱਸਿਆ ਦਾ ਹੱਲ ਕਰਕੇ ਮੈਂ ਅਗਲੇ ਟ੍ਰਿੱਪ ਲਈ ਤਿਆਰ ਬਰ ਤਿਆਰ ਹਾਂ। ਮੀਂਹ ਹਟ ਗਿਆ ਹੈ। ਸਾਰੇ ਜ਼ੋਨਾਂ ਵਿਚ ਟੈਕਸੀਆਂ ਦੀ ਭਰਮਾਰ ਹੈ। ‘ਕਿੱਥੇ ਬੁੱਕ ਕਰਾਵਾਂ?’ ਮੈਂ ਸੋਚੀਂ ਪੈ ਜਾਂਦਾ ਹਾਂ। ‘ਸ਼ਾਇਦ ਡਾਊਨ-ਟਾਊਨ ਦੇ ਕਿਸੇ ਹੋਟਲ ਤੋਂ ਲੰਮਾ ਟ੍ਰਿੱਪ ਮਿਲ ਜਾਵੇ,’ ਸੋਚ ਕੇ ਮੈਂ ਟੈਕਸੀ ਡਾਊਨ-ਟਾਊਨ ਵੱਲ ਸਿੱਧੀ ਕਰ ਦਿੰਦਾ ਹਾਂ। ਨਾਲ- ਨਾਲ ਮੈਂ ਕੰਪਿਊਟਰ ਸਕਰੀਨ ’ਤੇ ਵੀ ਉਂਗਲ ਮਾਰਦਾ ਹਾਂ। ਹੌਲੀਡੇਅ ਇੰਨ ਹੋਟਲ ਵੈਸਟ ਬਰਾਡਵੇ ਵਾਲਾ ਸਟੈਂਡ ਖਾਲੀ ਹੋ ਜਾਂਦਾ ਹੈ। ਟੈਕਸੀ ਦਾ ਰੁਖ ਉੱਧਰ ਕਰਕੇ ਮੈਂ ਸਪੀਡ ਵਧਾ ਦਿੰਦਾ ਹਾਂ। ਕਿਸੇ ਹੋਰ ਟੈਕਸੀ ਦੇ ਪਹੁੰਚਣ ਤੋਂ ਪਹਿਲਾਂ ਮੈਂ ਉੱਥੇ ਪਹੁੰਚ ਜਾਣਾ ਚਾਹੁੰਦਾ ਹਾਂ। ਪਰ ਮੇਰੇ ਤੋਂ ਪਹਿਲਾਂ ਹੀ ਉੱਥੇ ਦੋ ਟੈਕਸੀਆਂ ਅੱਪੜ ਜਾਂਦੀਆਂ ਹਨ। ਮੈਂ ਫਿਰ ਕੰਪਿਊਟਰ ਸਕਰੀਨ 'ਤੇ ਉਂਗਲ ਮਾਰਦਾ ਹਾਂ। ਉਹ ਪਲਾਜ਼ਾ 500 ਹੋਟਲ ਵਾਲੇ ਸਟੈਂਡ 'ਤੇ ਇੱਕ ਟੈਕਸੀ ਦਿਖਾਉਂਦਾ ਹੈ। ਉਹ ਦੋ ਟੈਕਸੀਆਂ ਦਾ ਸਟੈਂਡ ਹੈ। ਮੈਂ ਟੈਕਸੀ ਉਧਰ ਮੋੜ ਲੈਂਦਾ ਹਾਂ। ਉੱਥੇ ਵੀ ਮੇਰੇ ਪਹੁੰਚਣ ਤੱਕ ਸਟੈਂਡ ਭਰ ਜਾਂਦਾ ਹੈ। ਹੁਣ ਹੋਰ ਕਿਸੇ ਪਾਸੇ ਵੱਲ ਭੱਜਣ ਲਈ ਦਿਲ ਨਹੀਂ ਮੰਨਦਾ। ਮੈਂ ਉੱਥੇ ਹੀ ਸੜਕ 'ਤੇ ਟੈਕਸੀ ਰੋਕ ਲੈਂਦਾ ਹਾਂ ਅਤੇ ਵਾਰੀ ਦੀ ਉਡੀਕ ਕਰਦਾ ਹਾਂ ਕਿ ਕਦੋਂ ਪਹਿਲੇ ਨੰਬਰ ਵਾਲੀ ਟੈਕਸੀ ਸਟੈਂਡ ਤੋਂ ਜਾਵੇ ਅਤੇ ਮੈਂ ਉੱਥੇ ਬੁੱਕ ਕਰਾਵਾਂ। ਇੱਥੇ ਸੜਕ ’ਤੇ ਟੈਕਸੀ ਪਾਰਕ ਨਹੀਂ ਕਰ ਸਕਦਾ। ਜੁਰਮਾਨਾ ਹੋ ਸਕਦਾ ਹੈ। ਚੌਕਸੀ ਦੀ ਲੋੜ ਹੈ। ਕਿਤਾਬ ਪੜ੍ਹਣ ਲਈ ਇਹ ਢੁੱਕਵੀਂ ਥਾਂ ਨਹੀਂ ਹੈ। ਮੈਂ ਰੇਡੀਓ ਚਲਾ ਲੈਂਦਾ ਹਾਂ। ਪੰਜਾਬੀ ਰੇਡੀਓ ਸਟੇਸ਼ਨ 'ਤੇ ‘ਟਾਕ ਸ਼ੋਅ' ਚੱਲ ਰਿਹਾ ਹੈ। ਸਰੀ ਗੁਰਦੁਆਰੇ ਦੀਆਂ ਚੋਣਾਂ ਕਰਕੇ ਰੇਡੀਓ 'ਤੇ ਰੌਣਕਾਂ ਹਨ। ਮੇਰਾ ਧਿਆਨ ਸੜਕ 'ਤੇ ਵੀ ਹੈ। ਕਿਸੇ ਪੁਲੀਸ ਵਾਲੇ ਦੀ ਕਾਰ ਦੇਖ ਕੇ ਮੈਂ ਟੈਕਸੀ ਨੂੰ ਅਗਾਂਹ ਤੋਰ ਲੈਣਾ ਹੈ ਅਤੇ ਬਲਾਕ ਤੋਂ ਦੀ ਗੇੜਾ ਕੱਢ ਕੇ ਵਾਪਸ ਫਿਰ ਮੁੜ ਆਉਣਾ ਹੈ। ਪਰ ਇਸ ਦੀ ਨੌਬਤ ਨਹੀਂ ਆਉਂਦੀ। ਛੇਤੀ ਹੀ ਹੋਟਲ ਦੀ ਪਾਰਕਿੰਗ 'ਚੋਂ ਪਹਿਲੇ ਨੰਬਰ ਵਾਲੀ ਟੈਕਸੀ ਬਾਹਰ ਨਿਕਲ ਆਉਂਦੀ ਹੈ ਅਤੇ ਮੈਂ ਟੈਕਸੀ ਸਟੈਂਡ ’ਤੇ ਲਾ ਕੇ ਸੁਰਖਰੂ ਹੋ ਕੇ ਰੇਡੀਓ ਸੁਨਣ ਲੱਗਦਾ ਹਾਂ। ਲੋਕ ਧੜਾ- ਧੜ ਫੋਨ ਕਰ ਰਹੇ ਹਨ। ਗੁਰਦੁਆਰੇ ਦੇ ਲੰਗਰ ਹਾਲ ਵਿਚ ਤੱਪੜਾਂ 'ਤੇ ਬੈਠ ਕੇ ਲੰਗਰ ਛਕਣ ਦੇ ਹਾਮੀ ਬੋਲ ਰਹੇ ਹਨ। ਮੈਂ ਟੈਕਸੀ ਨੰਬਰ 0 ਵਾਲੇ ਗਿਆਨੀ ਦੀ

ਆਵਾਜ਼ ਪਛਾਣ ਲੈਂਦਾ ਹਾਂ। ਉਸ ਅਨੁਸਾਰ ਲੰਗਰ ਹਾਲ ਵਿਚ ਕੁਰਸੀਆਂ ਵਾਲਿਆਂ

ਟੈਕਸੀਨਾਮਾ/61