ਪੰਨਾ:ਟੈਕਸੀਨਾਮਾ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂੰਹੋਂ ਅਚੇਤ ਈ ਨਿਕਲ ਗਿਆ। ਮੈਂ ਕੋਸ਼ਿਸ਼ ਕਰਦਾ ਹੁੰਨੈ ਕਿ ਚੰਗੇ ਟ੍ਰਿਪ ਦੀ ਬਹੁਤੀ ਡੌਂਡੀ ਨਾ ਪਿੱਟਾਂ। ਇਸ ਤਰ੍ਹਾਂ ਜਿਸਦਾ, ਉਸ ਦਿਨ ਮੰਦਾ ਰਿਹਾ ਹੋਵੇ ਉਸ ਦੀ ਤਕਲੀਫ਼ ਵਧ ਜਾਂਦੀ ਹੈ। ਮੇਰੇ ਆਪਣੇ ਨਾਲ ਇਸ ਤਰ੍ਹਾਂ ਕਈ ਵਾਰੀ ਹੁੰਦਾ ਕਿ ਜਦੋਂ ਕਿਸੇ ਦਿਨ ਆਪਣਾ ਠੀਕ ਨਾ ਲੱਗਾ ਹੋਵੇ ਤੇ ਮੂਹਰੋਂ ਕੋਈ ਆਪਣੇ ‘ਸੂਤ' ਲੱਗੇ ਦੀਆਂ ਫੜ੍ਹਾਂ ਮਾਰਨ ਲੱਗ ਪਵੇ, ਤਾਂ ਉਹ ਵਿਉਹ ਵਰਗਾ ਲੱਗਦਾ ਹੈ।

“ਥੋਡਾ ਕਿਵੇਂ ਆ?” ਮੈਂ ਪੁੱਛਿਆ।

“ਮੇਰਾ ਵੀ ਠੀਕ ਆ ਅੱਜ। ਆਹ ਤੀਹਾਂ ਦਾ ਟ੍ਰੈਪ ਸੀ ਪੈਂਤੀ ਦੇ ਗਿਆ।” ਫਿਰ ਮੈਂ ਆਪਣੇ ਇਸ ਟ੍ਰਿੱਪ ਬਾਰੇ ਉਸ ਨੂੰ ਦੱਸਣ ਲੱਗ ਪਿਆ। ਸੁਣ ਕੇ ਉਹ ਬੋਲਿਆ, “ਮੈਨੂੰ ਵੀ ਦੋ ਕੁ ਵਾਰੀ ਮਿਲਿਆ ਏਦਾਂ ਦਾ ਟ੍ਰਿੱਪ ਆਮ ਨਾਲੋਂ ਜਿਆਦਾ ਟਿੱਪ ਦੇਣਗੇ ਏਹੋ ਜੇ ਮੌਕੇ ਦੇਣੀ ਬਣਦੀ ਵੀ ਐ, ਕਿ ਨਹੀਂ? ਆਪਾਂ ਵੀ ਤਾਂ ਖਤਰਾ ਮੁੱਲ ਲੈ ਕੇ ਸਪੀਡ ਵਧਾ ਦਿੰਨੇ ਆਂ।”

“ਗੋਰੇ ਈ ਟਿੱਪ ਦਿੰਦੇ ਆ। ਕਾਲੇ ਹੋਏ, ਚੀਨੇ ਹੋਏ, ਇਹ ਨਾ ਟਿੱਪ ਦੇਗੇ," ਸਾਡੇ ਨਾਲ ਤਿੰਨ ਡਰਾਈਵਰ ਹੋਰ ਆ ਰਲੇ। ਉਨ੍ਹਾਂ 'ਚੋਂ ਇੱਕ ਬੋਲਿਆ।

“ਤੇ ਆਪਣੇ?” ਦੂਜਾ ਬੋਲਿਆ, ਜਿਹੜਾ ਸ਼ਾਇਦ ਨਵਾਂ ਡਰਾਈਵਰ ਸੀ। ਉਸ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ।

“ਆਪਣੇ ਤਾਂ ਪਹਿਲੀ ਗੱਲ ਟੈਕਸੀ ਲੈਂਦੇ ਹੀ ਨੀਂ। ਜੇ ਲੈ ਲੈਣ, ਛੋਟ ਕਰਨ ਨੂੰ ਤਾਂ ਭਾਵੇਂ ਆਖ ਦੇਣ,” ਪਹਿਲਾ ਬੋਲਿਆ।

“ਸਾਰੇ ਇੱਕੋ-ਜਿਹੇ ਨੀ ਹੁੰਦੇ, ਯਾਰ। ਵੱਖੋ-ਵੱਖਰੇ ਕਲਚਰ ਆ। ਐਧਰਲੇ ਜੰਮੇ-ਪਲੇ ਤਾਂ ਆਪਣੇ ਵੀ ਹੁਣ ਬਥੇਰੇ ਟੈਕਸੀ ਲੈ ਲੈਂਦੇ ਆ," ਬੌਨੀਜ਼ ਵਾਲਾ ਬੋਲਿਆ।

“ਵੇਲੇ-ਕੁਵੇਲੇ ਇੰਡੀਆ ਤੋਂ ਆਏ ਵੀ ਲੈ ਲੈਂਦੇ ਆ। ਹਾਲੇ ਪਿਛਲੇ ਹਫ਼ਤੇ ਈ ਮੇਰੇ ਨਾਲ ਚੜ੍ਹਿਆ ਇੱਕ," ਤੀਜਾ ਬੋਲਿਆ।

“ਕਿਰਾਇਆ ਦੇ ਗਿਆ ਸੀ?” ਪਹਿਲੇ ਨੇ ਕਿਹਾ।

ਤੀਜਾ ਥੋੜਾ ਜਿਹਾ ਹੱਸਿਆ ਤੇ ਫਿਰ ਬੋਲਿਆ,“ ਓਹਨੂੰ ਵਿਚਾਰੇ ਨੂੰ ਟੈਕਸੀ ਮਜਬੂਰੀ ’ਚ ਲੈਣੀ ਪਈ। ਕੁੜੀ ਕੁਛ ਘਰੇ ਭੁੱਲਗੀ ਓਹਦੀ, ਤੇ ਓਹਨੇ ਏਅਰਪੋਰਟ ਤੇ ਫੜਾਉਣ ਜਾਣਾ ਸੀ ਕੁੜੀ ਨੂੰ। ਬੈਠਣ ਸਾਰ ਹੀ ਦੱਸਣ ਲੱਗ ਪਿਆ ਕਿ ਕਿਵੇਂ ਸਾਰੇ ਕੰਮਾਂ ’ਤੇ ਗਏ ਹੋਣ ਕਰਕੇ ਉਸ ਨੂੰ ਟੈਕਸੀ ਲੈਣੀ ਪਈ ਜਿਵੇਂ ਕਿਸੇ ਗੁਨਾਹ ਦੀ ਸਫਾਈ ਦੇ ਰਿਹਾ ਹੋਵੇ। ਫਿਰ ਉਹ ਸਕੀਰੀਆਂ ਜੀਆਂ ਕੱਢਣ ਲੱਗ ਪਿਆ। ਮੇਰੇ ਚਿੱਤ 'ਚ ਆਈ ਕਿ ਆਖ ਦਿਆਂ ਕਾਹਨੂੰ ਬਜ਼ੁਰਗਾ ਐਵੇਂ ਔਖਾ ਹੁੰਨੈ, ਨਾ ਦੇਈਂ ਕਰਾਇਆ। ਊਂ ਵੀ ਆਪਣੇ ਬੰਦੇ ਤੋਂ ਕਿਰਾਇਆ ਫੜਦਿਆਂ ਈ ਸੰਗ ਜੀ ਆਉਂਦੀ ਆ। ਫੇਰ ਓਹ ਚਿੰਤਾ ਜੀ ਕਰਨ ਲੱਗ ਪਿਆ ਬਈ ਕੁੜੀ ਦੀ ਫਲੈਟ ਨਾ ਨੰਘਜੇ। ਮੈਂ ਸਪੀਡ ਚੱਕਤੀ ਸੋਚਿਆ ਬਈ ਨਹੀਂ ਤਾਂ ਸਾਲੇ ਨੇ ਕੰਨ ਖਾਈ ਜਾਣੇ ਆ। ਨਾਲੇ ਕੋਈ ਸੱਚੀਂ ਨਾ ਸਕੀਰੀ ਕੱਢਲੇ। ਪਰ ਕਰਾਇਆ ਦੇ ਗਿਆ

ਪੂਰਾ।”

ਟੈਕਸੀਨਾਮਾ/47