ਪੰਨਾ:ਟੈਕਸੀਨਾਮਾ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਅਦ ਉਸ ਵੱਲ ਹੋਈ। ਉਸਦਾ ਚਿੰਤਾਗ੍ਰਸਤ ਚੇਹਰਾ ਦੇਖ ਮੈਨੂੰ ਆਪਣੀ ਖੁਸ਼ੀ ਕਮੀਨਗੀ ਲੱਗੀ। ਸ਼ਾਇਦ ਮੈਂ ਆਪਣੀਆਂ ਨਜ਼ਰਾਂ ਵਿਚ ਹੀ ਦੁਬਾਰਾ ਉੱਠਣਾ ਚਾਹੁੰਦਾ ਸੀ, ਮੈਂ ਕਿਹਾ, “ਟੈਕਸੀ ਦੇ ਕਿਰਾਏ ਦਾ ਫਿਕਰ ਨਾ ਕਰੀਂ। ਜੇ ਤੂੰ ਚਾਹੇਂ ਤਾਂ ਜਦੋਂ ਪੰਜਾਹ ਡਾਲਰ ਹੋ ਗਏ ਮੈਂ ਮੀਟਰ ਬੰਦ ਕਰ ਦਿਆਂਗਾ।” ਮੇਰਾ ਅੰਦਾਜ਼ਾ ਸੀ ਕਿ ਮੀਟਰ 'ਤੇ ਪੰਜਾਹ ਤੋਂ ਸੱਠ ਡਾਲਰ ਦੇ ਵਿਚਕਾਰ ਚੱਲਣਗੇ।

“ਓਹ, ਧੰਨਵਾਦ। ਕਿਰਾਏ ਦੀ ਸਮੱਸਿਆ ਨਹੀਂ। ਮੇਰਾ ਫ਼ਿਕਰ ਤਾਂ ਉਡਾਣ ਖੁੰਝਣ ਦਾ ਹੈ।”

“ਫਿਕਰ ਨਾ ਕਰ। ਮੈਂ ਪੂਰੀ ਵਾਹ ਲਾਊਂਗਾ ਕਿ ਤੈਨੂੰ ਸਮੇਂ ਸਿਰ ਏਅਰਪੋਰਟ 'ਤੇ ਪਹੁੰਚਾ ਦੇਵਾਂ।’’

ਤੇ ਜਦੋਂ ਟੈਕਸੀ ਏਅਰਪੋਰਟ 'ਤੇ ਪਹੁੰਚੀ ਤਾਂ ਉਸਦੀ ਉਡਾਣ ਵਿਚ ਹਾਲੇ ਪੌਣਾ ਘੰਟਾ ਰਹਿੰਦਾ ਸੀ। ਮੀਟਰ ’ਤੇ ਚਰਵੰਜਾ ਡਾਲਰ ਤੇ ਕੁਝ ਸੈਂਟ ਚੱਲੇ ਸਨ। ਉਸ ਨੇ ਸੱਤਰ ਡਾਲਰ ਦੇ ਕੇ ਘੁੱਟ ਕੇ ਹੱਥ ਮਿਲਾਇਆ ਤੇ ਤਿੰਨ-ਚਾਰ ਵਾਰ, “ਥੈਂਕ –ਯੂ,” ਕਿਹਾ।

ਚੰਗੇ ਟ੍ਰਿੱਪ ਦੇ ਨਾਲ-ਨਾਲ ਟਿੱਪ ਵਜੋਂ ਮਿਲੇ ਪੰਦਰਾਂ-ਸੋਲਾਂ ਡਾਲਰ ਮੈਨੰ ਖੁਸ਼ੀ ਦੇ ਰਹੇ ਸਨ। ਤੇ ਇਕ ਉਹ ਦਿਨ ਵੀ ਸੀ, ਜਦੋਂ ਟਿੱਪ ਕਰਕੇ ਮੈਂ ਹੀਣਾ- ਹੀਣਾ ਮਹਿਸੂਸ ਕੀਤਾ ਸੀ। ਟੈਕਸੀ ਚਲਾਉਣ ਦੇ ਪਹਿਲੇ ਦਿਨ ਸ਼ਾਇਦ ਉਹ ਟ੍ਰਿੱਪ ਵੀ ਪਹਿਲਾ ਹੀ ਸੀ, ਇਕ ਸਵਾਰੀ ਨੇ ਪੰਜਾਹ ਸੈਂਟ ਬਕਾਏ ਦੇ ਵਾਪਸ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਸੀ, “ਕੀਪ ਦਾ ਚੇਂਜ।” ਮੈਨੂੰ ਆਪਣਾ-ਆਪ ਅਦਨਾ ਜਿਹਾ ਲੱਗਾ ਸੀ। ਜਿਵੇਂ ਕੋਈ ਕੁਲੀ ਨੂੰ ਸਮਾਨ ਚੁਕਾਉਣ ਤੋਂ ਬਾਅਦ ਇਨਾਮ ਵਜੋਂ ਚੁਆਨੀ-ਅਠਿਆਨੀ ਦੇ ਦੇਵੇ। ਮੇਰਾ ਜੀਅ ਕੀਤਾ ਸੀ ਕਿ ਗੋਲੀ ਮਾਰਾਂ ਇਸ ‘ਕੁੱਤੇ ਕੰਮ ਨੂੰ। ਪਰ ਗੋਲੀ ਮਾਰੀ ਨਹੀਂ ਸੀ ਗਈ। ਤੇ ਹੁਣ ਉਹੀ ਟਿੱਪ ਮੈਨੂੰ---।

ਇਸ ਟਿੱਪ ਦੀ ਖੁਸ਼ੀ ਦਾ ਪ੍ਰਗਟਾਵਾ ਮੈਥੋਂ ਅਚੇਤ ਹੀ ਵੀਡਸ ਵਿਚ ਮਿਲੇ ਬਰਨਬੀ ਸ਼ਹਿਰ ਦੀ ਬੌਨੀਜ਼ ਟੈਕਸੀ ਵਾਲੇ ਇਕ ਜਾਣੂੰ ਕੋਲ ਹੋ ਗਿਆ। ਵੀਡਸ ਵਿੱਚ ਪਹੁੰਚਕੇ ਮੈਂ ਟੈਕਸੀ ਲਾਈਨ ਵਿਚ ਲਾ ਕੇ ਬਾਹਰ ਨਿਕਲ ਆਇਆ। ਉੱਥੇ ਇਸ ਗੱਲ ਦੀ ਮੌਜ ਹੁੰਦੀ ਹੈ ਕਿ ਟੈਕਸੀ ਵਿਚ ਬੈਠਣਾ ਨਹੀਂ ਪੈਂਦਾ। ਵੱਡੀ ਸਾਰੀ ਸਕਰੀਨ ’ਤੇ ਲਿਖਿਆ ਆ ਜਾਂਦਾ ਹੈ ਕਿ ਟਰਮੀਨਲ ਤੇ ਐਨੀਆਂ ਟੈਕਸੀਆਂ ਚਾਹੀਦੀਆਂ ਹਨ। ਟੈਕਸੀਆਂ ਵਾਰੀ ਸਿਰ ਤੁਰੀਆਂ ਜਾਂਦੀਆਂ ਹਨ। ਜਦੋਂ ਵਾਰੀ ਨੇੜੇ ਆਉਂਦੀ ਦਿਸੇ ਉਦੋਂ ਆ ਕੇ ਟੈਕਸੀ ਵਿਚ ਬੈਠ ਜਾਵੋ। ਉਨਾਂ ਚਿਰ ਕਈ ਡਰਾਈਵਰਾਂ ਦੇ ਕਮਰੇ ਵਿਚ ਬੈਠਕੇ ਤਾਸ਼ ਕੁੱਟਣ ਲੱਗਦੇ ਹਨ। ਕਈ ਮੁਸਲਮਾਨ ਡਰਾਈਵਰ ਕਮਰੇ ਦੇ ਕੋਨੇ ਵਿਚ ਵਲੀ ਵਲਗਣ ਵਿਚ ਬੈਠ ਨਮਾਜ਼ ਪੜ੍ਹਦੇ ਹਨ। ਕਈ ਸੈਰ ਕਰ ਲੈਂਦੇ ਹਨ। ਮੈਂ ਲੱਤਾਂ ਸਿੱਧੀਆਂ ਕਰਨ ਲਈ ਟੈਕਸੀ ਵਿਚੋਂ ਬਾਹਰ ਨਿਕਲਿਆ ਹੀ ਸੀ ਕਿ ਮੇਰਾ ਉਹ ਜਾਣੂੰ ਆਪਣੀ ਟੈਕਸੀ 'ਚੋਂ ਨਿਕਲਦਾ ਬੋਲਿਆ, “ਕਿਵੇਂ ਆ ਬਿਜ਼ਨਿਸ ਵੈਨਕੁਵਰ? ਆਇਆ ਸੂਤ?"

“ਬਿਜ਼ਨਸ ਤਾਂ ਐਸਾ-ਵੈਸਾ ਈ ਆ ਪਰ ਮੇਰਾ ਸੂਤ ਲੱਗ ਗਿਆ।” ਮੇਰੇ

46/ ਟੈਕਸੀਨਾਮਾ