ਪੰਨਾ:ਟੈਕਸੀਨਾਮਾ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਉਸ ਦੀ ਪ੍ਰਸ਼ਨਸੂਚਕ ਤੱਕਣੀ ਵੱਲ ਵੇਖ ਕੇ ਸੋਚਿਆ ਕਿ ਉਸ ਨੂੰ ਮੇਰੇ ਸਵਾਲ ਦੀ ਸਮਝ ਨਹੀਂ ਸੀ ਲੱਗੀ। ਮੈਂ ਆਪਣੇ ਪ੍ਰਸ਼ਨ ਨੂੰ ਵਿਸਥਾਰ ਦਿੰਦਿਆਂ ਕਿਹਾ, “ਮੇਰਾ ਮਤਲਬ ਜਦੋਂ ਤੂੰ ਤੀਜੇ-ਚੌਥੇ ਗ੍ਰੇਡ ਵਿੱਚ ਸੀ, ਤਾਂ ਤੇਰੇ ਮਾਪੇ ਤੈਨੂੰ ਹੋਮ ਵਰਕ ਕਰਾਉਂਦੇ ਹੋਣਗੇ? ਜਾਂ ਸਕੂਲ ਤੋਂ ਬਿਨਾਂ ਤੈਨੂੰ ਉਨ੍ਹਾਂ ਨੇ ਕਿਹੜੀਆਂ ਗਤੀਵਿਧੀਆਂ 'ਚ ਪਾਇਆ ਹੋਇਆ ਸੀ?”

“ਪਰ ਤੂੰ ਕਿਓਂ ਇਹ ਪੁੱਛ ਰਿਹਾ ਹੈਂ?”

“ਕਿਓਂ ਕਿ ਮੇਰੀ ਬੇਟੀ ਤੀਜੇ ਗ੍ਰੇਡ ਵਿੱਚ ਹੈ ਤੇ ਬੇਟਾ ਪਹਿਲੇ ’ਚ। ਮੈਂ ਚਾਹੁੰਨੈਂ ਕਿ ਉਹ ਵੀ ਤੇਰੇ ਵਾਂਗ ਬਹੁਤ ਪੜ੍ਹਨ।”

“ਓਹ,” ਆਖ ਕੇ ਉਹ ਬਾਹਰ ਵੱਲ ਵੇਖਣ ਲੱਗੀ।

ਟੈਕਸੀ ਆਰਥਰਲੇਂਗ ਬ੍ਰਿਜ ਪਾਰ ਕਰ ਚੁੱਕੀ ਸੀ। ਮੈਥੋਂ ਉਸ ਦੀ ਚੁੱਪ ਬਰਦਾਸ਼ਤ ਨਹੀਂ ਸੀ ਹੋ ਰਹੀ। ਮੈਂ ਚਾਹੁੰਦਾ ਸੀ ਕਿ ਟੈਕਸੀ ਦੇ ਟਰਮੀਨਲ 'ਤੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਉਹ ਮੈਨੂੰ ਗਿੱਦੜਸਿੰਗੀ ਦੇ ਦੇਵੇ। ਉਹ ਬੋਲੀ, ਉਨ੍ਹਾਂ ਨੂੰ ਸਮਾਜਿਕ ਗਤੀਵਿਧਆਂ ਵਿੱਚ ਰੁਝਾਈ ਰੱਖਿਆ ਕਰ। ਖੇਡਾਂ ਵਿੱਚ ਪਾਇਆ ਕਰ ਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਕਿ ਉਨ੍ਹਾਂ ਨਾਲ ਸਮਾਂ ਬਿਤਾਇਆ ਕਰ। ਚਿੰਤਾ ਨਾ ਕਰ ਉਹ ਵਧੀਆ ਪੜ੍ਹਨਗੇ।” ਇਹ ਆਖ ਕੇ ਉਹ ਫਿਰ ਬਾਹਰ ਵੱਲ ਵੇਖਣ ਲੱਗੀ।

ਟੈਕਸੀ ਘਰੇਲੂ ਉਡਾਣ ਵਾਲੇ ਟਰਮੀਨਲ ’ਤੇ ਪਹੁੰਚ ਗਈ ਸੀ। ਮੀਟਰ ਉੱਪਰ ਬਾਈ ਡਾਲਰ ਤੇ ਪੈਂਹਠ ਸੈਂਟ ਚੱਲ ਚੁੱਕੇ ਸਨ। ਉਸ ਨੇ ਆਪਣਾ ਪਰਸ ਖੋਲ੍ਹਿਆ। ਦੋ-ਤਿੰਨ ਜੇਬਾਂ ਵਿੱਚ ਕਾਹਲੀ-ਕਾਹਲੀ ਹੱਥ ਮਾਰਿਆ, ਫਿਰ ਬੋਲੀ, “ਓ ਮਾਈ ਗਾਡ,ਓ ਮਾਈ ਗਾਡ ,ਮੈਂ ਤਾਂ ਆਪਣਾ ਕਰੈਡਿਟ ਕਾਰਡ ਦੂਜੇ ਪਰਸ ਵਿੱਚ ਭੁੱਲ ਆਈ। ਹੁਣ ਕੀ ਕਰਾਂਗੀ?” ਉਹ ਹਾਲੇ ਵੀ ਪਰਸ ਫਰੋਲ ਰਹੀ ਸੀ। ਉਹ ਉਸੇ ਤਰ੍ਹਾਂ ਪਰਸ ਵਿੱਚ ਉਂਗਲਾਂ ਫੇਰਦੀ ਬੋਲੀ, “ਮੈਂ ਤੈਨੂੰ ਆਪਣਾ ਫੋਨ ਨੰਬਰ ਦੇ ਦਿੰਦੀ ਹਾਂ। ਸੋਮਵਾਰ ਨੂੰ ਮੈਂ ਮੁੜ ਆਉਣਾ ਹੈ। ਤੈਨੂੰ ਪਤਾ ਤਾਂ ਹੈ ਕਿ ਮੈਂ ਕਿੱਥੇ ਰਹਿੰਦੀ ਹਾਂ। ਉਸ ਦਿਨ ਮੈਥੋਂ ਪੈਸੇ ਲੈ ਜਾਵੀਂ। ਤੂੰ ਇਸ ਤਰ੍ਹਾਂ ਕਰ ਸਕਦੈਂ, ਪਲੀਜ਼?” ਉਸਦੀ ਆਵਾਜ਼ ਵਿੱਚ ਤਰਲਾ ਸੀ।

“ਕੋਈ ਗੱਲ ਨਹੀਂ,” ਆਖ ਕੇ ਮੈਂ ਉਸ ਨੂੰ ਪੈੱਨ ਅਤੇ ਕਾਗਜ਼ ਫੋਨ ਨੰਬਰ ਲਿਖ ਕੇ ਦੇਣ ਲਈ ਦੇ ਦਿੱਤਾ। ਫੋਨ ਨੰਬਰ ਲਿਖਦੀ ਉਹ ਬੋਲੀ, “ਮੇਰੇ ਕੋਲ ਤਾਂ ਏਅਰਪੋਰਟ ਫੀਸ ਦੇਣ ਲਈ ਵੀ ਪੈਸੇ ਨਹੀਂ ਹਨ।”

“ਚਿੰਤਾ ਨਾ ਕਰ। ਹੁਣ ਇਹ ਫੀਸ ਏਅਰਪੋਰਟ 'ਤੇ ਨਹੀਂ ਲੈਂਦੇ। ਪਹਿਲਾਂ ਹੀ ਟਿਕਟ ਨਾਲ ਲੈ ਲੈਂਦੇ ਹਨ,” ਮੈਂ ਦੱਸਿਆ।

“ਪਰ ਮੈਨੂੰ ਰਾਹ ਵਿੱਚ ਲੋੜ ਪੈ ਸਕਦੀ ਹੈ। ਟਰਾਂਟੋ ਪਹੁੰਚ ਕੇ ਮੇਰੇ ਕੋਲ ਟੈਕਸੀ ਜਾਂ ਬੱਸ ਦਾ ਕਰਾਇਆ ਵੀ ਨਹੀਂ।” ਫਿਰ ਥੋੜ੍ਹਾ ਕੁ ਰੁਕ ਕੇ ਬੋਲੀ, “ਤੂੰ

ਮੈਨੂੰ ਪੰਜਾਹ ਡਾਲਰ ਉਧਾਰੇ ਦੇ ਸਕਦੈ, ਪਲੀਜ਼।”

ਟੈਕਸੀਨਾਮਾ/39