ਪੰਨਾ:ਟੈਕਸੀਨਾਮਾ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੀ ਕੁੜੀ ਨੇ ਆਪਣੀਆਂ ਉਂਗਲਾਂ ਨਚਾ ਕੇ ‘ਹਾਏ’ ਕਿਹਾ। ਮੈਂ ਝੱਟ ਦੇ ਕੇ ਟੈਕਸੀ 'ਚੋਂ ਬਾਹਰ ਨਿਕਲ ਕੇ ਟਰੰਕ ਖੋਲ੍ਹਿਆ ਅਤੇ ਅਟੈਚੀ ਉਸ ਵਿੱਚ ਰੱਖ ਕੇ ਪਿਛਲਾ ਦਰਵਾਜ਼ਾ ਖੋਲ੍ਹਣ ਲਈ ਅਹੁਲਿਆ ਹੀ ਸੀ ਕਿ ਉਹ ਬੋਲੀ, “ਕੀ ਮੈਂ ਮੁਹਰਲੀ ਸੀਟ 'ਤੇ ਬੈਠ ਸਕਦੀ ਹਾਂ?”

“ਜਿੱਥੇ ਤੇਰਾ ਜੀਅ ਕਰਦਾ ਹੈ,” ਮੈਂ ਮੁਸਕਰਾ ਕੇ ਕਿਹਾ ਅਤੇ ਟੈਕਸੀ ਵਿੱਚ ਬੈਠ ਗਿਆ। ਮੇਰੇ ਬਰਾਬਰ ਵਾਲੀ ਸੀਟ 'ਤੇ ਬੈਠ ਕੇ ਕੁੜੀ ਨੇ ਦੋਹੇਂ ਹੱਥ ਜੋੜ ਕੇ ਕਿਹਾ, “ਸਟ-ਸਰੀ-ਅਕਾਲ।”

‘ਓਹ ਸਦਕੇ’ ਮੈਂ ਚਿੱਤ 'ਚ ਹੀ ਕਿਹਾ ਅਤੇ ਮੈਂ ਉਸ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਕੇ ਪੁੱਛਿਆ, “ਕੀ ਹਾਲ ਹੈ?”

“ਮੈਂ ਪੰਜਾਬੀ ਦੇ ਕੇਵਲ ਇਹੋ ਲਫ਼ਜ਼ ਹੀ ਜਾਣਦੀ ਹਾਂ," ਉਸ ਨੇ ਮੁਸਕਰਾ ਕੇ ਅੰਗ੍ਰੇਜ਼ੀ ਵਿੱਚ ਕਿਹਾ ਅਤੇ ਫਿਰ ਬੋਲੀ, “ਏਅਰਪੋਰਟ,ਪਲੀਜ਼।”

ਮੈਂ ਟੈਕਸੀ ਤੋਰ ਕੇ ਪੁੱਛਿਆ, “ਕਿੱਥੋਂ ਸਿੱਖਿਆ ਇਹ ਲਫ਼ਜ਼?”

“ਮੈਂ ਇੰਡੀਆ ਗਈ ਸੀ। ਉੱਥੇ ਕੁਝ ਲਫਜ ਸਿੱਖੇ ਸਨ।” ਫਿਰ ਉਹ ਚਹਿਕ ਕੇ ਬੋਲੀ,” ਮੈਨੂੰ ਇੰਡੀਆ ਬਹੁਤ ਚੰਗਾ ਲਗਦਾ ਹੈ।”

“ਅੱਛਾ? ਕੀ ਚੰਗਾ ਲੱਗਾ ਇੰਡੀਆ ਦਾ?” ਮੈਂ ਖੁਸ਼ ਹੋ ਕੇ ਪੁੱਛਿਆ।

“ਲੋਕ, ਭੋਜਨ ਤੇ ਪੁਰਾਣੀਆਂ ਇਮਾਰਤਾਂ।”

“ਕਿੱਥੇ-ਕਿੱਥੇ ਗਈ?”

“ਜੈਪੁਰ, ਫਟੈਹਿਪੁਰ, ਟਾਜ ਮਹਲ-----," ਉਹ ਸੋਚਣ ਲਈ ਥੋੜ੍ਹਾ ਕੁ ਚੁੱਪ ਹੋਈ। ਮੇਰੇ ਮੂੰਹੋਂ ਝੱਟ ਨਿਕਲਿਆ, “ਗੋਲਡਨ ਟੈਂਪਲ?”

“ਓ ਹਾਂ-ਹਾਂ, ਬਹੁਤ ਸੋਹਣਾ ਹੈ। ਪਰ ਸੱਭ ਤੋਂ ਵੱਧ ਮੈਨੂੰ ਇੰਡੀਆ ਦੇ ਲੋਕ ਚੰਗੇ ਲੱਗਦੇ ਆ। ਬਹੁਤ ਮਿਲਣਸਾਰ ਐ,” ਆਖ ਕੇ ਉਹ ਟਿਕਟਿਕੀ ਲਗਾ ਕੇ ਮੇਰੇ ਵੱਲ ਵੇਖਣ ਲੱਗੀ। ਮੈਂ ਤਿਰਛੀ ਨਜ਼ਰ ਨਾਲ ਉਸ ਵੱਲ ਵੇਖਿਆ। ‘ਜਿਉਂਦੀ ਰਹਿ ਕੁੜੀਏ,' ਮੈਂ ਚਿੱਤ 'ਚ ਹੀ ਕਿਹਾ ਅਤੇ ਉਸ ਵੱਲ ਝਾਕਿਆ। ਉਹ ਮੁਸਕਰਾਈ। ਮੇਰਾ ਅੰਦਰ ਖਿੜ ਗਿਆ। ਉਸ ਨੇ ਚਹਿਕ ਕੇ ਕਿਹਾ, “ਵੇਖ, ਕਿੰਨਾ ਸੋਹਣਾ ਦਿਨ ਹੈ।”

“ਹਾਂ, ਐਤਕੀਂ ਬਹੁਤ ਮੀਂਹ ਪਏ ਆ। ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਹੈ। ਪਰ ਜਦੋਂ ਚੰਗਾ ਮੌਸਮ ਆਇਐ ਤੂੰ ਏਅਰਪੋਰਟ ਵੱਲ ਜਾ ਰਹੀ ਹੈਂ, ਸ਼ਹਿਰ ਤੋਂ ਦੂਰ ਜਾਣ ਲਈ।”

“ਹਾਂ, ਮੈਂ ਜਾਣਦੀ ਹਾਂ। ਮੈਂ ਟਰਾਂਟੋ ਚੱਲੀ ਹਾਂ। ਉੱਥੇ ਮੀਂਹ ਪੈ ਰਿਹਾ ਹੈ। ਏਸ ਧੁੱਪ ਨੂੰ ਰੋਕ ਕੇ ਰੱਖੀਂ। ਮੈਂ ਦੋ ਕੁ ਦਿਨਾਂ 'ਚ ਮੁੜ ਆਉਣੈ,” ਆਖ ਕੇ ਉਹ ਹੱਸੀ।

“ਮੈਂ ਪੂਰੀ ਕੋਸ਼ਿਸ਼ ਕਰਾਂਗਾ। ਬਹੁਤ ਛੋਟਾ ਟ੍ਰਿੱਪ ਹੈ ਤੇਰਾ?”

“ਹਾਂ, ਮੈਂ ਲੌਂਗ ਵੀਕਐਂਡ ਕਰ ਕੇ ਚੱਲੀ ਹਾਂ ਆਪਣੇ ਪਰਿਵਾਰ ਕੋਲ।

ਟੈਕਸੀਨਾਮਾ/37