ਪੰਨਾ:ਟੈਕਸੀਨਾਮਾ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐ ਤੇ ਟੈਕਸੀ ਦਾ ਕਿਰਾਇਆ ਵੀ, ਥੋਡੇ ਪੰਜਾਹ-ਸੱਠ ਡਾਲਰ ਲੱਗ ਜਾਣੇ ਐ ਪਰ ਉਹ ਟਲਣ ਵਾਲੀਆਂ ਕਿੱਥੇ ਸੀ। ਇੱਕ ਕਹਿੰਦੀ, ‘ਫੇਰ ਦੇ ਦੇਵਾਂਗੀਆਂ ਜਾਂ ਗੁੱਡ ਟਾਈਮ ਕਰ ਲੈਨੇ ਐ।' ਜਦੋਂ ਉਹਨੇ ਗੁੱਡ ਟਾਈਮ ਕਰ ਲੈਨੇ ਐ ਕਿਹਾ ਮੈਨੂੰ ਸਾਲੀ ਅੱਗ ਲੱਗ ਗਈ। ਚਿੱਤ 'ਚ ਆਇਆ ਬਈ ਮਾਂ-ਪਿਓ ਨੇ ਜਵਾਕਾਂ ਦਾ ਅੱਗਾ ਸੰਵਾਰਨ ਲਈ ਦੋ-ਦੋ ਸ਼ਿਫਟਾਂ ਕੰਮ ਕਰਕੇ ਆਪਣੀ ਸਾਰੀ ਉਮਰ ਖਰਾਬ ਕਰ ਲਈ ਹੋਵੇਗੀ ਤੇ ਜਵਾਕ ਬੰਨ੍ਹਵਾਈ ਜਾਂਦੇ ਐ ਪੱਗ ਬੁੜ੍ਹੇ ਦੇ। ਮੈਂ ਸੋਚਿਆ ਜੇ ਟਾਲ੍ਹੀਆਂ ਤਾਂ ਕੀ ਪਤਾ ਅੰਗੂਠਾ ਚੁੱਕ ਕੇ ਸੜਕ 'ਤੇ ਨਾ ਖੜ੍ਹ ਜਾਣ, ਫੇਰ ਕੀ ਪਤਾ ਕਿਹੋ-ਜਿਹੋ ਦੇ ਅੜਿੱਕੇ ਚੜ੍ਹਨ, ਤਲਬ ਇਨ੍ਹਾਂ ਨੂੰ ਹੈਗੀ ਐ। ਮੈਂ ਕਿਹਾ “ਬਈ ਗੁੱਡ ਟਾਈਮ ਕਰਨ ਦਾ ਮੌਕਾ ਨਹੀਂ, ਬਿਜ਼ੀ ਟਾਈਮ ਐ, ਤੁਸੀਂ ਆਵਦਾ ਫੋਨ ਨੰਬਰ ਦਿਓ, ਬਾਕੀ ਡਾਲਰ ਫੇਰ ਲੈ ਲਵਾਂਗਾ, ਸ਼ਰਾਬ ਥੋਨੂੰ ਲਿਆ ਦਿੰਨੈ, ਨੰਬਰ ਆਵਦਾ ਠੀਕ ਦਿਓ, ਪਹਿਲਾਂ ਡਰੈਕਟਰੀ 'ਚੋਂ ਨੰਬਰ ਚੈੱਕ ਕਰਕੇ ਫੇਰ ਸ਼ਰਾਬ ਲਿਆ ਕੇ ਦੇਵਾਂਗਾ।' ਫ਼ੋਨ ਨੰਬਰ ਇੱਕ ਨੇ ਦੇ ਦਿੱਤਾ ਕਹਿੰਦੀ, ‘ਵੀਕਡੇਜ਼ ਵਿੱਚ ਸ਼ਾਮ ਦੇ ਚਾਰ ਤੋਂ ਅੱਠ ਦੇ ਵਿਚਕਾਰ ਫੋਨ ਕਰੀਂ ਉਦੋਂ ਮੇਰਾ ਡੈਡ ਤੇ ਭਰਾ ਘਰ ਨਹੀਂ ਹੁੰਦੇ। ਇੰਗਲਿਸ਼ 'ਚ ਗੱਲ ਕਰੀਂ ਮੇਰਾ ਨਾਂ ਰਾਜਦੀਪ ਐ।” ਕਹਿ ਕੇ ਉਹ ਹੱਸ ਪਈ। ਮੈਂ ਕਿਹਾ ‘ਇਹਦੀ ਤੁਸੀਂ ਵਰੀ ਨਾ ਕਰੋ।’ ਤੇ ਮੈਂ ਫੋਨ ਬੂਥ ਕੋਲ ਟੈਕਸੀ ਰੋਕ ਲਈ। ਉਨ੍ਹਾਂ ਨੂੰ ਕਿਹਾ ਬਈ ਫਰੈਂਡ ਨੂੰ ਫੋਨ ਕਰਕੇ ਸ਼ਰਾਬ ਬਾਰੇ ਪੁੱਛਦੈਂ। ਮੈਂ ਬੂਥ ਤੋਂ ਜਿਹੜਾ ਨੰਬਰ ਉਨ੍ਹਾਂ ਨੇ ਦਿੱਤਾ ਸੀ ਘੁਮਾਇਆ। ਅੱਗੋਂ ਬੰਦੇ ਨੇ ਫੋਨ ਚੁੱਕਿਆ ਮੈਂ ਪੁੱਛਿਆ ਬਈ ਰਾਜਦੀਪ ਨਾਂ ਦੀ ਤੁਹਾਡੇ ਕੋਈ ਕੁੜੀ ਹੈਗੀ ਐ,ਕਹਿੰਦਾ ‘ਹਾਂ’ ਫੇਰ ਮੈਂ ਉਹਨੂੰ ਸਾਰੀ ਗੱਲ ਦੱਸੀ ਕਿ ਉਹ ਐਦਾਂ ਕਰਕੇ ਸ਼ਰਾਬ ਭਾਲਦੀਐਂ, ਮੇਰੀ ਟੈਕਸੀ ’ਚ ਬੈਠੀਐਂ। ਦੱਸੋ ਕਿੱਥੇ ਮਿਲੋਂਗੇ ਤੁਹਾਡੇ ਹਵਾਲੇ ਕਰ ਜਾਨੈਂ। ਬੰਦਾ ਪਹਿਲਾਂ ਚੁੱਪ ਜਿਹਾ ਕਰ ਗਿਆ, ਨਮੋਸ਼ੀ ਮੰਨ ਗਿਆ ਹੋਣੈ। ਫੇਰ ਰੋਣਹਾਕੀ ਜਿਹੀ ਆਵਾਜ਼ 'ਚ ਕਹਿੰਦਾ, “ਵੈਨਕੂਵਰ ਫਰੇਜ਼ਰ ਤੇ ਫੋਰਟੀਫਸਟ ਦੇ ਕੌਰਨਰ ’ਤੇ ਆਜਾ, ਉੱਥੇ ਮੈਂ ਪਹੁੰਚ ਜਾਨੈਂ, ਮੇਰੇ ਕੋਲ ਟਿਉਟਾ ਦੀ ਲਾਲ ਜਿਹੀ ਵੈਨ ਹੋਵੇਗੀ।' ਮੈਂ ਉਸਨੂੰ ਪੰਦਰਾਂ ਮਿੰਟਾਂ 'ਚ ਉੱਥੇ ਪਹੁੰਚਣ ਦੀ ਤਸੱਲੀ ਦਵਾ ਕੇ ਟੈਕਸੀ ’ਚ ਮੁੜ ਆਇਆ। ਕੁੜੀਆਂ ਨੂੰ ਦੱਸਿਆ ਬਈ ਸ਼ਰਾਬ ਮੁੰਡੇ ਕੋਲ ਹੈਗੀ ਐ, ਉਹਦਾ ਘਰ ਫਰੇਜ਼ਰ ਫੋਰਟੀਫਸਟ ਵੱਲ ਹੈ । ਕਹਿੰਦੀਆਂ ‘ਜਿੱਥੇ ਮਰਜ਼ੀ ਹੋਵੇ, ਬੱਸ ਲੈ ਚੱਲ। ਰਾਹ ’ਚ ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਘਰਦਿਆਂ ਬਾਰੇ ਪੁੱਛਣ ਲੱਗ ਪਿਆ। ਇੱਕ ਦੱਸਣ ਲੱਗ ਪਈ ਕਿ ਉਹ ਦੋਵੇਂ ਭੈਣਾਂ ਹਨ, ਉਨ੍ਹਾਂ ਦਾ ਡੈਡੀ ਪੁਰਾਣਾ ਇੰਡੀਆ ਤੋਂ ਆਇਆ ਹੋਇਆ ਹੈ ਉਸ ਕੋਲ ਧਨ ਬਹੁਤ ਹੈ ਪਰ ਉਹ ਖਰਚ ਕਰਕੇ ਰਾਜ਼ੀ ਨਹੀਂ, ਪੁਰਾਣੇ ਵਿਚਾਰਾਂ ਦਾ ਬੰਦਾ ਹੈ। ਫੇਰ ਦੂਜੀ ਕਹਿੰਦੀ, “ਫੱਕ ਹਿੰਮ, ਟਾਕ ਅਬਾਊਟ ਸਮਥਿੰਗ ਇਲਸ।” ਇੰਨੇ ਚਿਰ 'ਚ ਮੈਂ

ਟੈਕਸੀ ਫਰੇਜ਼ਰ ਫੋਰਟੀ ਫਸਟ ਦੇ ਕੌਰਨਰ ’ਤੇ ਲਾਤੀ। ਵੈਨ ਉੱਥੇ ਖੜ੍ਹੀ ਸੀ,

34/ ਟੈਕਸੀਨਾਮਾ