ਪੰਨਾ:ਟੈਕਸੀਨਾਮਾ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕ੍ਰਿਝਦੇ ਨੇ ਟਾਵਲ ਪੇਪਰਾਂ ਨਾਲ ਪਿਛਲੀ ਸੀਟ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਪੇਪਰ ਨਾਲ ਗੰਦ ਤਾਂ ਚੁੱਕਿਆ ਗਿਆ ਸੀ ਪਰ ਸੀਟ ਸਾਫ਼ ਨਹੀਂ ਸੀ ਹੋਈ। ਕਾਰ ਦੇ ਟਰੰਕ ਵਿਚ ਰੈਗ ਪਿਆ ਸੀ। ਉਸ ਨੂੰ ਭਿਓਂ ਕੇ ਮੈਂ ਸੀਟ 'ਤੇ ਰਗੜਦਾ ਤੇ ਫਿਰ ਪੇਪਰ ਨਾਲ ਪਾਣੀ ਸੋਖਦਾ। ਪਿਛਲੀ ਸੀਟ ਭਿੱਜੀ ਪਈ ਸੀ। ਉਸ ਨੇ ਛੇਤੀ ਸੁੱਕਣਾ ਨਹੀਂ ਸੀ। ਇੱਕ ਵਿਚਾਰ ਇਹ ਵੀ ਆਇਆ ਕਿ ਘਰੋਂ ਹੇਅਰ ਡਰਾਇਰ ਲਿਆ ਕੇ ਸੀਟ ਸੁਕਾ ਕੇ ਇਸੇ ਤਰ੍ਹਾਂ ਦਿਹਾੜੀ ਲਾ ਦੇਵਾਂ ਪਰ ਟੈਕਸੀ ਵਿੱਚੋਂ ਮੁਸ਼ਕ ਆ ਰਿਹਾ ਸੀ। ਜੇ ਗਰਮੀਆਂ ਦੀ ਰੁੱਤ ਹੁੰਦੀ ਤਾਂ ਸ਼ਾਇਦ ਸ਼ੀਸ਼ੇ ਥੱਲੇ ਲਾਹ ਕੇ ਸਰ ਜਾਂਦਾ ਪਰ ਰੁੱਤ ਵੀ ਸਰਦੀਆਂ ਦੀ ਸੀ। ‘ਹੋਗੀ ਦਿਹਾੜੀ ਗੁੱਲ ਸੋਚ ਕੇ', ਮੈਂ ਟੈਕਸੀ-ਮਾਲਕ ਦੇ ਘਰ ਵੱਲ ਟੈਕਸੀ ਦਾ ਰੁਖ ਕਰ ਦਿੱਤਾ। ਹਾਲੇ ਬਹੁਤ ਸਵੱਖਤਾ ਸੀ। ਮਾਲਕ ਨੂੰ ਜਗਾਉਣਾ ਮੁਨਾਸਿਬ ਨਹੀਂ ਸੀ। ਵੀਹਾਂ ਦਾ ਨੋਟ, ਜਿਹੜਾ ਅੱਜ ਕਮਾਇਆ ਸੀ ਉਹ ਮੈਂ ਮਾਲਕ ਦੇ ਘਰ ਮੂਹਰੇ ਲੱਗੇ ਚਿੱਠੀਆਂ ਵਾਲੇ ਡੱਬੇ ਵਿਚ ਰੱਖ ਆਇਆ। ਸੋਚਿਆ ਕਿ ਥੋਹੜਾ ਦਿਨ ਚੜ੍ਹੇ ਤੋਂ ਟੈਕਸੀ ਮਾਲਕ ਨੂੰ ਫੋਨ ਕਰ ਕੇ ਦੱਸ ਦੇਵਾਂਗਾ। ਪਰ ਉਸਦਾ ਆਪਣਾ ਹੀ ਅੱਠ ਕੁ ਵਜੇ ਫੋਨ ਆ ਗਿਆ। ਮੈਂ ਉਸ ਨੂੰ ਸਾਰੀ ਹੋਈ ਬੀਤੀ ਦੱਸ ਦਿੱਤੀ। ਸੁਣ ਕੇ ਉਹ ਬੋਲਿਆ, “ਵੀਰਿਆ, ਏਹਦੇ ’ਚ ਮੇਰਾ ਤਾਂ ਕਸੂਰ ਨੀ ਨਾ। ਮੇਰਾ ਤਾਂ ਸਗੋਂ ਖਰਚਾ ਵਧ ਗਿਆ। ਹੁਣ ਸ਼ੈਂਪੂ ਕਰਾਏ ਬਿਨ੍ਹਾਂ ਮੁਸ਼ਕ ਨੀ ਜਾਣਾ। ਲੀਜ਼ ਤਾਂ ਪੂਰੀ ਪਾ ਜਾਂਦਾ।” ਇਹ ਮੈਂ ਸੋਚਿਆ ਵੀ ਨਹੀਂ ਸੀ ਕਿ ਮਾਲਕ ਪੂਰੀ ਲੀਜ਼ ਦੀ ਮੰਗ ਕਰੂਗਾ। ਮੈਨੂੰ ਲਗਦਾ ਸੀ ਕਿ ਉਹ ਹਾਲਾਤ ਨੂੰ ਸਮਝ ਲਵੇਗਾ। ਮੈਂ ਉਸ ਨੂੰ ਆਖਣਾ ਚਾਹੁੰਦਾ ਸੀ, ‘ਵੀਰਿਆ, ਮੇਰਾ ਦੱਸ ਫਿਰ ਕੀ ਕਸੂਰ ਸੀ?’ ਪਰ ਮੈਂ ਆਖ ਨਾ ਸਕਿਆ। ਉਸ ਵੱਲੋਂ ਕੀਤੀ ਮੰਗ ਸੁਣ ਕੇ ਮੈਂ ਨਮੋਸ਼ੀ ਮੰਨ ਗਿਆ ਤੇ ਉਸ ਨੂੰ ਆਖ ਦਿੱਤਾ ਕਿ ਬਾਕੀ ਤੀਹ ਡਾਲਰ ਫੇਰ ਦੇ ਦਿਆਂਗਾ।

ਟੈਕਸੀਨਾਮਾ/23