ਪੰਨਾ:ਟੈਕਸੀਨਾਮਾ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੀਸ਼ਾ

ਜਦ ਉਹ ਨਿਊ ਵੈਸਟਮਿਨਿਸਟਰ ਦੇ ਛੋਟੇ ਜਿਹੇ ਘਰ 'ਚੋਂ ਟੈਕਸੀ ਵੱਲ ਆ ਰਹੀ ਸੀ ਤਾਂ ਮੈਨੂੰ ਲੱਗਾ ਕਿ ਉਸ ਨੂੰ ਕਿਤੇ ਦੇਖਿਆ ਹੋਇਆ ਹੈ। ਚੇਤੇ 'ਤੇ ਜ਼ੋਰ ਪਾਇਆਂ ਵੀ ਜਦ ਖਿਆਲ ਨਾ ਆਇਆ ਤਾਂ ਸੋਚਿਆ ਕਿ ਕਿਤੇ ਪਹਿਲਾਂ ਵੀ ਮੇਰੀ ਟੈਕਸੀ ਵਿੱਚ ਬੈਠੀ ਹੋਵੇਗੀ। ‘ਏਅਰਪੋਰਟ’ ਆਖ ਕੇ ਉਸ ਨੇ ਕੋਈ ਫਾਈਲ ਖੋਲ੍ਹ ਲਈ। ਮੈਂ ਸ਼ੀਸ਼ੇ ਵਿੱਚ ਦੀ ਪਿੱਛੇ ਦੇਖਿਆ, ਉਸ ਨੂੰ ਫਾਈਲ ਵਿੱਚ ਰੁੱਝੀ ਹੋਈ ਦੇਖ ਕੇ ਕੋਈ ਗੱਲ ਕਰਨੀ ਮੁਨਾਸਿਬ ਨਾ ਸਮਝੀ। ਥੋੜ੍ਹੀ ਦੇਰ ਬਾਅਦ ਉਹ ਆਪ ਹੀ ਬੋਲੀ, “ਤੇਰੇ ਬੱਚਿਆਂ ਦਾ ਸਕੂਲ ਕਿਵੇਂ ਚੱਲ ਰਿਹਾ ਹੈ?’’

ਮੈਨੂੰ ਉਸ ਵੱਲੋਂ ਪੁੱਛੇ ਅਚਾਨਕ ਸਵਾਲ ਦੀ ਸਮਝ ਨਾ ਪਈ। ਮੇਰਾ ਹੱਥ ਆਪ ਮੁਹਾਰਾ ਹੀ ਅੱਧ-ਕੱਟੀ ਹੋਈ ਦਾਹੜੀ ’ਤੇ ਜਾ ਪਿਆ। 'ਕੀ ਮੈਂ ਸੱਚੀਂ ਹੀ ਐਨੀ ਉਮਰ ਦਾ ਲੱਗਦੈਂ?' ਮੈਂ ਸੋਚਿਆ। ਇਹ ਮੈਨੂੰ ਮੇਰੇ ਨਾਲ ਟੈਕਸੀ ਚਲਾਉਂਦੇ ਮਿੱਤਰ ਕਈ ਵਾਰ ਆਖ ਚੁੱਕੇ ਸਨ, “ਰਫੂਜੀਆਂ ਵਾਂਗ ਦਾੜ੍ਹੀ ਰੱਖੀ ਫਿਰਦੈਂ, ਸ਼ੇਵ ਕਰ ਲਿਆ ਕਰ।” ਪਰ ਮੈਨੂੰ ਆਪਣੀ ਬਾਹਰਲੀ ਦਿੱਖ ਦੀ ਬਹੁਤੀ ਪਰਵਾਹ ਨਹੀਂ ਸੀ ਹੁੰਦੀ। ਦੁਨੀਆਂ ਵਿੱਚ ਕੀ ਵਾਪਰ ਰਿਹਾ ਹੈ ਮੈਨੂੰ ਉਸ ਦੀ ਵੀ ਬਹੁਤੀ ਪਰਵਾਹ ਨਹੀਂ ਸੀ ਹੁੰਦੀ। ਬੱਸ ਪੈਸੇ ਬਣਾਉਣ ਦੀ ਹੀ ਧੁਨ ਲੱਗੀ ਰਹਿੰਦੀ ਕਿ ਛੇਤੀ ਕਿਰਾਏ ਦੀ ਬੇਸਮੈਂਟ ’ਚੋਂ ਨਿਕਲ ਕੇ ਆਪਣਾ ਮਕਾਨ ਖ੍ਰੀਦਾਂ।

ਖ਼ੈਰ, ਮੈਂ ਉਸ ਔਰਤ ਨੂੰ ਜਵਾਬ ਦਿੱਤਾ, “ਮੈਂ ਵਿਆਹਿਆ ਹੋਇਆ ਨਹੀਂ।”

“ਓ! ਕੋਈ ਭਤੀਜਾ-ਭਤੀਜੀ?”

“ਪਰ ਤੂੰ ਇਹ ਸਵਾਲ ਕਿਓਂ ਪੁੱਛ ਰਹੀ ਹੈਂ?”

“ ਮੈਂ ਵਿੱਦਿਆ ਮਹਿਕਮੇ ਦੀ ਮੰਤਰੀ ਬਣੀ ਹਾਂ। ਇਸ ਕਰ ਕੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਲੋਕ ਸਾਡੇ ਸਕੂਲ ਪ੍ਰਬੰਧ ਬਾਰੇ ਕੀ ਸੋਚਦੇ ਹਨ।”

ਇੱਕ ਪਲ ਮੈਨੂੰ ਉਸ ਦੀ ਗੱਲ ਦਾ ਯਕੀਨ ਨਾ ਆਇਆ। ਚਿੱਤ 'ਚ ਆਈ ਕਿ ਮੰਤਰੀਆਂ ਦੀ ਐਨੀ ਬੇਕਦਰੀ ਸਾਡੇ ‘ਭਾਰਤ ਮਹਾਨ' 'ਚ ਤਾਂ ਮੰਤਰੀਆਂ ਦੇ ਅੱਗੇ-ਪਿੱਛੇ ਵਰਦੀ ਵਾਲਿਆਂ ਤੋਂ ਬਿਨਾਂ ਵੀ ਚਮਚੇ-ਕੜਛਿਆਂ ਦੀ ਕਤਾਰ

ਲੱਗੀ ਹੁੰਦੀ ਹੈ ਤੇ ਐਥੇ ਕੱਲੀ-ਕਾਰੀ ਟੈਕਸੀ ’ਚ ਬੈਠੀ ਮੰਤਰੀ ਇੱਕ ਡਰਾਈਵਰ

18/ਟੈਕਸੀਨਾਮਾ