ਪੰਨਾ:ਟੈਕਸੀਨਾਮਾ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵਾਂ ਜਨਮ

ਮੈਂ ‘ਰੌਇਲ ਓਕ’ ਸਕਾਈਟ੍ਰੇਨ ਸਟੇਸ਼ਨ 'ਤੇ ਟ੍ਰਿੱਪ ਦੀ ਉਡੀਕ 'ਚ ਬੈਠਾ ਕਿਤਾਬ ਪੜ੍ਹ ਰਿਹਾ ਸੀ। ਜਦੋਂ ਮੇਰੇ ਕੰਨਾਂ ਨਾਲ ‘‘ਆਈ ਸੁੱਡ ਹੈਵ ਕਿਲਡ ਚੈਟ ਫਕਿਨ ਮੈਨ" ਬੋਲ ਟਕਰਾਏ ਤਾਂ ਮੈਂ ਆਪਣੀ ਨਿਗ੍ਹਾ ਕਿਤਾਬ ਤੋਂ ਪਾਸੇ ਕਰ ਕੇ ਉੱਧਰ ਵੇਖਿਆ। ਦੋ ਹੱਟੇ-ਕੱਟੇ ਆਦਮੀ ਉੱਚੀ ਆਵਾਜ਼ ਵਿੱਚ ਗੱਲਾਂ ਕਰਦੇ ਮੇਰੇ ਵੱਲ ਹੀ ਆ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਗੰਜਾ ਸੀ ਅਤੇ ਦੂਸਰੇ ਨੇ ਠੋਡੀ ਉੱਪਰ ਦਾੜ੍ਹੀ ਰੱਖੀ ਹੋਈ ਸੀ। ਕੱਦ ਦੋਹਾਂ ਦੇ ਹੀ ਸਾਢੇ ਛੇ ਫੁੱਟ ਤੋਂ ਉੱਪਰ ਹੋਣਗੇ। ਭਾਰੀ-ਭਰਕਮ ਸਰੀਰ। ਉਹ ਹਾਲੇ ਕਾਫ਼ੀ ਵਿੱਥ 'ਤੇ ਸਨ। ਮੇਰੇ ਚਿੱਤ ’ਚ ਖਦਸ਼ਾ ਪੈਦਾ ਹੋਇਆ ਕਿ ਟੈਕਸੀ ਵਿੱਚ ਨਾ ਆ ਬੈਠਣ। ਐਹੋ-ਜਿਹੀਆਂ ਸਵਾਰੀਆਂ ਤੋਂ ਤਾਂ ਡਰ ਲਗਦਾ, ਜਿਹੜੀਆਂ ਪਹਿਲਾਂ ਹੀ ਗੁੱਸੇ ਨਾਲ ਭਰੀਆਂ ਪੀਤੀਆਂ ਹੋਣ। ਉਹ ਵੀ ਸਵੇਰ ਦੇ ਪੰਜ ਕੁ ਵਜੇ। ਫਿਰ ਸੋਚਿਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਅਗਾਂਹ ਕਿਤੇ ਜਾਣਾ ਹੋਵੇਗਾ। ਮੈਂ ਫਿਰ ਅੱਖ ਬਚਾਅ ਕੇ ਉੱਧਰ ਵੇਖਿਆ। ਮੈਨੂੰ ਲੱਗਾ ਕਿ ਉਹ ਜ਼ਰੂਰ ਹੀ ਟੈਕਸੀ ’ਚ ਆ ਕੇ ਬੈਠਣਗੇ। ਵਿਚਾਰ ਆਇਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਟੈਕਸੀ ਭਜਾ ਕੇ ਲੈ ਜਾਵਾਂ। ਪਰ ਮੈਂ ਇਸ ਤਰ੍ਹਾਂ ਨਾ ਕਰ ਸਕਿਆ। ਚਾਰ ਵਜੇ ਦਾ ਸਟੈਂਡ ’ਤੇ ਪਹਿਲਾ ਨੰਬਰ ਲੈ ਕੇ ਬੈਠਾ ਸੀ। ਇਸ ਸਟੈਂਡ ਦੇ ਆਸੇ-ਪਾਸਿਓਂ, ਜਿਹੜਾ ਵੀ ਟ੍ਰਿੱਪ ਨਿਕਲਣਾ ਸੀ ਉਹ ਪਹਿਲਾਂ ਮੈਂਨੂੰ ਮਿਲਣਾ ਸੀ। ਜੇ ਮੈਂ ਇਸ ਸਟੈਂਡ ਤੋਂ ਪਾਸੇ ਹੋ ਜਾਂਦਾ ਤਾਂ ਕਿਸੇ ਹੋਰ ਟੈਕਸੀ ਨੇ ਆ ਕੇ ਇੱਥੇ ਪਹਿਲਾ ਨੰਬਰ ਲੈ ਲੈਣਾ ਸੀ। ਫਿਰ ਮੁੜ ਤੋਂ ਪਤਾ ਨਹੀਂ ਕਿੰਨਾਂ ਕੁ ਚਿਰ ਟ੍ਰਿੱਪ ਦੀ ਉਡੀਕ ਕਰਨੀ ਪੈਂਦੀ। ‘ਹੋ ਸਕਦਾ ਹੈ ਕਿ ਇਹ ਟ੍ਰਿੱਪ ਵੀ ਚੰਗਾ ਈ ਹੋਵੇ। ਮਾੜੇ ਲਗਦੇ ਬੰਦੇ ਜ਼ਰੂਰੀ ਤਾਂ ਨਹੀਂ ਕਿ ਮਾੜੇ ਹੀ ਹੋਣ,' ਮੈਂ ਇਹ ਸੋਚ ਹੀ ਰਿਹਾ ਸੀ ਕਿ ਉਹ ਮੇਰੀ ਟੈਕਸੀ ਦੇ ਦੋਹੇਂ ਪਿਛਲੇ ਦਰਵਾਜ਼ੇ ਖੋਲ੍ਹ ਕੇ ਮੇਰੇ ਤੋਂ ਪੁੱਛੇ ਬਗੈਰ ਹੀ ਵਿੱਚ ਆ ਬੈਠੇ।

“ਨਿਊਵੈਸਟ,” ਗੰਜੇ ਨੇ ਕਿਹਾ।

ਮੈਂ ਟੈਕਸੀ ਨੂੰ ਤੋਰ ਕੇ ਮੀਟਰ ਚਲਾ ਦਿੱਤਾ। “ਓਏ, ਕੀ ਗੱਲ ਐ? ਅਸੀਂ ਹਾਲੇ ਟੈਕਸੀ 'ਚ ਬੈਠੇ ਹੀ ਆਂ, ਤੇ ਇੱਕ ਡਾਲਰ ਅੱਸੀ ਸੈਂਟ ਕਿਵੇਂ ਬਣ ਗਏ?” ਗੰਜਾ ਗਰਜਿਆ।

ਟੈਕਸੀਨਾਮਾ/13