ਪੰਨਾ:ਟੈਕਸੀਨਾਮਾ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੈੱਟ ਲੱਗ ਗਿਆ। ਸਮੇਂ ਦੇ ਨਾਲ ਨਾਲ ਟੈਕਸੀਆਂ ਦੀ ਗਿਣਤੀ ਵਧ ਗਈ। ਟੈਕਸੀਆਂ ਦੇ ਵਧਣ ਨਾਲ ਇੱਕ ਡਿਸਪੈਚਰ ਨੂੰ ਇੱਕੋ ਵੇਲੇ ਬਹੁਤ ਸਾਰੀਆਂ ਟੈਕਸੀਆਂ ਨੂੰ ਸੰਭਾਲਣਾ ਔਖਾ ਹੋਣ ਲੱਗਾ ਤਾਂ ਟੈਕਸੀ ਕੰਪਨੀਆਂ ਨਵੇਂ ਡਿਸਪੈਚ ਸਿਸਟਮ ਦੀ ਤਲਾਸ਼ ਕਰਨ ਲੱਗੀਆਂ। ਤਕਨਾਲੋਜੀ ਨੇ ਇਹ ਕੰਮ ਆਸਾਨ ਕਰ ਦਿੱਤਾ ਤੇ ਕੰਮਪਿਊਟਰ ਡਿਸਪੈਚ ਸਿਸਟਮ ਹੋਂਦ ਵਿੱਚ ਆ ਗਿਆ। ਤਕਨਾਲੋਜੀ ਨੂੰ ਸੁਰੱਖਿਆ ਲਈ ਵਰਤਿਆ ਜਾਣ ਲੱਗਾ। ‘ਗਲੋਬਲ ਪੋਜ਼ੀਸ਼ਨਿੰਗ ਸਿਸਟਮ ਦੇ ਹੋਂਦ ਵਿੱਚ ਆਉਣ ਕਾਰਣ ਹੁਣ ਲਾਪਤਾ ਹੋਈ ਟੈਕਸੀ ਦਾ ਪਤਾ ਲਗਾਇਆ ਜਾ ਸਕਦਾ ਹੈ। ਟੈਕਸੀਆਂ ਵਿੱਚ ਕੈਮਰੇ ਲੱਗ ਗਏ ਹਨ। ਉਹ ਸਵਾਰੀ ਦੀ ਤਸਵੀਰ ਖਿੱਚ ਲੈਂਦੇ ਹਨ। ਲੋੜ ਪੈਣ 'ਤੇ ਅਪਰਾਧੀ ਨੂੰ ਤਸਵੀਰ ਦੀ ਮੱਦਦ ਨਾਲ ਕਾਬੂ ਕੀਤਾ ਜਾ ਸਕਦਾ ਹੈ। ਇਸ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਕਮੀ ਆਈ ਹੈ। ਟੈਕਸੀ ਚਲਾਉਣ ਦਾ ਲਾਈਸੈਂਸ ਲੈਣ ਲਈ ਕਲਾਸ ਫੋਰ ਡਰਾਈਵਿੰਗ ਲਾਈਸੈਂਸ ਲੈਣਾ ਜ਼ਰੂਰੀ ਹੈ। ਆਮ ਕਾਰ ਚਲਾਉਣ ਲਈ ਕਲਾਸ ਫਾਈਵ ਹੁੰਦਾ ਹੈ। ਜਸਟਿਸ ਇੰਸਟੀਚਿਊਟ ਤੋਂ ਟੈਕਸੀ ਹੋਸਟ ਲੈਵਲ 1 ਤੇ 2 ਕੋਰਸ ਕਰਨੇ ਜ਼ਰੂਰੀ ਹਨ। ਸਬੰਧਤ ਨਗਰਪਾਲਿਕਾ, ਜਿਸ ਅਧੀਨ ਟੈਕਸੀ ਕੰਪਨੀ ਹੁੰਦੀ ਹੈ, ਉਸ ਤੋਂ ਸ਼ੋਫਰ ਪਰਮਿਟ ਲੈਣਾ ਪੈਂਦਾ ਹੈ। ਨਗਰਪਾਲਿਕਾ ਵਾਲੇ ਪਰਮਿਟ ਦੇਣ ਸਮੇਂ ਟੈਕਸੀ ਕੰਪਨੀ ਤੋਂ ਜ਼ਾਮਿਨ ਚਿੱਠੀ, ਡਰਾਈਵਿੰਗ ਹਿਸਟਰੀ ਅਤੇ ਅਪਰਾਧੀ ਪਿਛੋਕੜ ਬਾਰੇ ਜਾਂਚ ਕਰਦੇ ਹਨ। ਏਅਰਪੋਰਟ ਤੋਂ ਸਵਾਰੀ ਚੁੱਕਣ ਲਈ ਡਰਾਈਵਰ ਕੋਲ ਏਅਰਪੋਰਟ ਦਾ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਇਹ ਪਛਾਣ ਪੱਤਰ ਏਅਰਪੋਰਟ ਦਾ ਟੈਕਸੀ ਵਿਭਾਗ ਜਾਰੀ ਕਰਦਾ ਹੈ।

ਵੈਨਕੂਵਰ ਵਿੱਚ ਟੈਕਸੀ ਦੇ ਕਿੱਤੇ ਵਿੱਚ ਬਹੁਤਾ ਕਰਕੇ ਪ੍ਰਵਾਸੀ ਲੋਕਾਂ ਦੀ ਹੀ ਬਹੁਤਾਤ ਰਹੀ ਹੈ। ਸਥਾਪਤ ਲੋਕ ਅਤੇ ਪ੍ਰਵਾਸੀਆਂ ਦੀ ਅਗਲੀ ਪੀੜ੍ਹੀ ਇਸ ਕਿੱਤੇ ਵਿੱਚ ਨਹੀਂ ਪੈਂਦੀ। ਇਸਦਾ ਕਾਰਣ ਕੰਮ ਕਰਨ ਦੇ ਲੰਮੇ ਘੰਟੇ ਅਤੇ ਘੱਟ ਕਮਾਈ ਹੈ। ਟੈਕਸੀ ਚਲਾਉਣ ਦੀ ਇੱਕ ਸ਼ਿਫਟ ਬਾਰਾਂ ਘੰਟੇ ਦੀ ਹੁੰਦੀ ਹੈ। ਏਅਰਪੋਰਟ 'ਤੇ ਟੈਕਸੀ ਚਲਾਉਣ ਵਾਲੇ ਜਾਂ ਕਈ ਕੰਪਨੀਆਂ ਵਿੱਚ ਡਰਾਈਵਰ 16-16 ਘੰਟੇ ਟੈਕਸੀ ਚਲਾਉਂਦੇ ਹਨ। ਇਸ ਨੂੰ ਉਹ ਲੌਂਗ ਸ਼ਿਫ਼ਟ ਆਖਦੇ ਹਨ। ਸਵਾਰੀਆਂ ਵੱਲੋਂ ਜ਼ਿਆਦਾ ਕਰਕੇ ਨਗਦ ਰਾਸ਼ੀ ਵਿੱਚ ਭਾੜਾ ਦੇਣ ਕਰਕੇ ਡਰਾਈਵਰ ਟੈਕਸ ਵਿੱਚ ਹੇਠ-ਉੱਤਾ ਕਰਕੇ ਕੰਮ ਚਲਾਈ ਜਾਂਦੇ ਹਨ। ਕਨੇਡਾ ਵਿੱਚ ਜੰਮਿਆਂ- ਪਲਿਆਂ ਨੂੰ ਇਹ ਵਾਰਾ ਨਹੀਂ ਖਾਂਦਾ। ਭਾਰਤੀ ਲੋਕਾਂ ਤੋਂ ਪਹਿਲਾਂ ਇਟਾਲੀਅਨ ਅਤੇ ਗਰੀਕ ਮੂਲ ਦੇ ਪ੍ਰਵਾਸੀਆਂ ਦਾ ਇਸ ਕਿੱਤੇ 'ਤੇ ਗਲਬਾ ਸੀ। ਉਨ੍ਹਾਂ ਦੀ ਅਗਲੀ ਪੀੜ੍ਹੀ ਇਸ ਕਿੱਤੇ ਤੋਂ ਮੂੰਹ ਮੋੜ ਗਈ। ਵੈਨਕੂਵਰ ਵਿੱਚ 1962 ਵਿੱਚ ਅਜੀਤ ਸਿੰਘ ਥਾਂਦੀ ਪਹਿਲਾ ਪੰਜਾਬੀ ਸੀ, ਜਿਹੜਾ ਟੈਕਸੀ ਚਲਾਉਣ ਲੱਗਾ। ਉਹ ਸੋਲ੍ਹਾਂ ਸਾਲ ਦੀ ਉਮਰ ਵਿੱਚ ਕਨੇਡਾ ਆਇਆ ਸੀ। ਇੱਥੇ ਉਸ ਨੇ ਬਾਰ੍ਹਵੀਂ ਜਮਾਤ ਪਾਸ

ਟੈਕਸੀਨਾਮਾ/101