ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਸ਼ਰੂਆਤੀ ਸੰਗੀਤ ਵੱਜਦਾ ਹੈ। ਪੰਛੀਆਂ ਦੀਆਂ ਉਡਾਰੀਆਂ ਤੇ
ਚਹਿ-ਚਹਾਉਣ ਦੀਆਂ ਅਵਾਜ਼ਾਂ। ਦਰਖ਼ਤਾਂ 'ਚੋਂ ਨਿਕਲਦੀ ਹਵਾ।
ਦੂਰੋਂ ਕਿਸੇ ਦੇ ਗਾਉਣ ਦੀ ਅਵਾਜ਼ ਆ ਰਹੀ ਹੈ।)
ਕਿਸਾਨ : ਕੁੱਤੀ ਮਰੇ ਫ਼ਕੀਰ ਦੀ ਜਿਹੜੀ ਟਊਂ-ਟਊਂ ਨਿੱਤ ਕਰੇ, ਹਾਂ ਜੀ
ਪੰਜ-ਸੱਤ ਮਰਨ ਗੁਆਂਢਣਾਂ ਤੇ ਰਹਿੰਦੀਆਂ ਨੂੰ ਤਾਪ ਚੜੇ, (ਅਵਾਜ਼
ਨੇੜੇ ਆਉਂਦੀ ਜਾਂਦੀ ਹੈ।) ਹਾਂ ਜੀ ਤੇ ਗਲੀਆਂ ਹੋ ਜਾਣ ਸੁੰਨੀਆਂ,
ਹਾਂ ਜੀ ਸੁੰਨੀਆਂ... ਤੇ ਵਿੱਚ ਮਿਰਜ਼ਾ ਯਾਰ ਫਿਰੇ। (ਦੁਹਰਾਉਂਦਾ
ਹੈ, ਤੇ ਨੱਚਣ ਲੱਗਦਾ ਹੈ।) ਹਾਂ ਜੀ ਮਿਰਜ਼ਾ ਯਾਰ ਫਿਰੇ। ਆਹਾ
ਹਾ, ਸ਼ੁਕਰ ਏ ਤੇਰਾ ਦਾਤਿਆ, ਤੂੰ ਸੁਣ ਲਈ ਮੇਰੀ, ਸਹੀ ਆਖਦੇ
ਆ, ਦੇਰ ਭਾਵੇਂ ਹੈ ਪਰ ਹਨੇਰ ਨੀ ਤੇਰੇ ਘਰੇ। ਕਿੰਨਾ ਚੈਨ ਏ
ਇੱਥੇ, ਨਾ ਸ਼ਾਹੂਕਾਰਾਂ ਦਾ ਰੌਲਾ, ਨਾ ਬੈਂਕਾਂ ਵਾਲਿਆਂ ਦੀ ਧਾੜ।
ਆਪਣਾ ਮਾਰੋ ਤੇ ਖਾਓ, ਨਾ ਕਿਸੇ ਦੀ ਹਿਚ-ਹਿਚ ਨਾ ਖਿਚ-
ਖਿਚ। ਸ਼ੁਕਰ ਏ ਭਾਈ ਤੇਰਾ। ਜੇ ਕਿਤੇ ਇਹ ਜੰਗਲ ਵੀ ਨਾ
ਬਚਿਆ ਹੁੰਦਾ, ਓ ਹੋ ਹੋ, ਉੱਥੇ ਬੰਦੇ ਵਾਲੇ ਬਘਿਆੜਾਂ ਨੇ ਤਾਂ ਮੈਨੂੰ
ਜਿਉਂਦੇ ਨੂੰ ਹੀ ਪਾੜਕੇ ਖਾ ਜਾਣਾ ਸੀ। ਇਹਨਾਂ ਜਨੌਰਾਂ ਨਾਲ ਤਾਂ
ਮੈਂ ਸਿੱਝ ਲਉਂ ਬਸ ਉਹਨਾਂ ਤੋਂ ਦੂਰ ਰੱਖੀਂ। ਓ ਮੈਂ ਬੱਕਰਾ ਦੇਵਾਂ
ਜੀ ਪੀਰ ਦਾ, ਮੇਰੇ ਸਿਰ ਦਾ ਸਾਈਂ ਮਰੇ, ਹਾਂ ਜੀ ਸਿਰ ਦਾ ਸਾਈਂ
ਮਰੇ। (ਅਵਾਜ਼ ਦੂਰ ਹੁੰਦੀ ਜਾਂਦੀ ਹੈ।)
(ਇੱਕ ਆਦਮੀ ਦੇ ਘੁਰਾੜੇ ਤੇ ਫੇਰ ਉਵਾਸੀ ਦੀ ਅਵਾਜ਼
ਆਉਂਦੀ ਹੈ)
ਕਰੋੜੀ ਮੱਲ : (ਅਲਸਾਈ ਸੁਰ) ਸੰਤੀ... ਓ ਸੰਤੀ.. ਚਾਹ ਲਿਆ ਵਈ।
(ਉਵਾਸੀ) ਕਿੱਥੇ ਚਲੀ ਗਈ। (ਖਿੱਝਕੇ) ਸੰਤੀ! (ਸੰਗੀਤ)
ਪੰਛੀਆਂ ਤੇ ਹੋਰ ਜੰਗਲੀ ਜਾਨਵਰਾਂ ਦੀਆਂ ਅਵਾਜ਼ਾਂ ਆਉਂਦੀਆਂ

67