ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜੇ ਤੁਫ਼ਾਨ ਖੜ੍ਹੇ ਕੀਤੇ ਇਹਨੇ ਮੇਰੀ ਜ਼ਿੰਦਗੀ 'ਚ। ਮੈਂ ਕਈ ਵਾਰ
ਸੋਚਿਆ ਇਸ ਤੋਂ ਪਿੱਛਾ ਛੁੜਾਉਣ ਬਾਰੇ, ਪਰ ਨਹੀਂ, ਅੰਤ ਜਿੱਤ
ਇਸੇ ਦੀ ਹੁੰਦੀ। ਇਹ ਮੇਰੀ ਪਹਿਚਾਣ ਤੇ ਸੰਘਰਸ਼ ਦਾ ਸਾਥੀ ਹੈ। ਬੜੇ
ਖ਼ਤਰੇ ਬੜੀਆਂ ਤਲਖ਼ੀਆਂ ਜੁੜੀਆਂ ਨੇ ਇਸ ਨਾਲ।
(ਇੱਕ ਥਾਂ ਰੁਕ ਜਾਂਦਾ ਹੈ ਤੇ ਵਿਅੰਗ `ਚ ਚਿਹਰੇ 'ਤੇ ਤਲਖ਼
ਜਿਹੇ ਭਾਵ ਉੱਭਰਦੇ ਹਨ ਤੇ ਗਾਉਣ ਲੱਗਦਾ ਹੈ।) ਏਥੇ ਅਮਲਾਂ ਦੇ
ਹੋਣੇ ਨੇ ਨਿਬੇੜੇ ... (ਇੱਕਦਮ ਗੀਤ ਵਿੱਚ ਹੀ ਛੱਡ ਦਿੰਦਾ ਹੈ।)
ਝੂਠ! “ਅਮਲਾਂ ਦੇ ਨਿਬੇੜੇ` (ਹੱਸਦਾ ਹੈ।) ਉੱਥੇ ਹੁੰਦੇ ਹੋਣਗੇ; ਇੱਥੇ
ਤਾਂ ਤੁਹਾਡਾ ਮਾਨ ਸਨਮਾਨ ਸੱਭ ਜਾਤ ਨਾਲ ਈ ਜੁੜਿਆ ਐ, ਇਹੋ
ਜਿਹੇ ਵੇਲੇ ਇਹ ਠੱਪਾ "ਵਾਲਮੀਕੀ” (ਮੱਥੇ ਨੂੰ ਠਕੋਰਦੇ ਹੋਏ) ਆਪਣੇ
ਮੱਥੇ `ਤੇ ਲਾਉਣਾ ਤਾਂ ਪਾਗਲਪਣ ਈ ਲੱਗਦਾ। ਹੋਰ ਤਾਂ ਛੱਡੋ...
ਇੱਥੋਂ ਤੱਕ ਕਿ ਮੇਰੀ ਪਤਨੀ ਵੀ ਮੇਰੇ ਨਾਲ ਨਹੀਂ ਖੜ੍ਹੀ । ਕਸੂਰ ਨੀ
ਉਹਦਾ, ਪਰ... ਆਪਣਿਆਂ ਨਾਲ ਲੜਨਾ ਹੋਰ ਵੀ ਔਖਾ। ਖ਼ੈਰ!
ਉਸਦੇ ਵੀ ਆਪਣੇ ਈ ਤਰਕ ਸੀ। ਇਹੋ ਜਿਹਾ ਸ਼ੁਦਾਅ ਘੋਟਣਾ ਤਾਂ
ਝੱਲਣਾ ਤਾਂ ਪੈਂਦਾ ਈ ਏ।
ਅੱਜ ਜਦੋਂ ਲੋਕ ਮੈਨੂੰ ਜਾਣਦੇ ਨੇ, ਚੰਗੀ ਮੇਰੀ ਜਾਣ-ਪਛਾਣ
ਹੈ, ਚੰਗਾ ਮੇਰਾ ਨਾਂ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਜਾਤ ਨਹੀਂ ਸੁਧਾਰ
ਸਕਿਆ। ਅੰਦਰ ਦੀਆਂ ਉਲਝਣਾਂ ਉਵੇਂ ਦੀਆਂ ਉਵੇਂ ਨੇ। ਬਹੁਤ ਕੁਝ
ਉੱਬਲਦਾ ਹੈ ਦਿਲ ਅੰਦਰ..., ਪਰ ਜ਼ੁਬਾਨ ਤੇ ਲਿਆਉਂਦਿਆਂ ਦਰਦ
ਬਹੁਤ ਹੁੰਦਾ ਹੈ। ਥੋਨੂੰ ਲੋਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, (ਚੁੱਪ)
ਇਹ ਉਲਝਣਾਂ ਤਾਂ ਮੇਰੀਆਂ ਆਪਣੀਆਂ ਨੇ। ...ਪਿੱਛੇ ਝਾਤ ਮਾਰਦਾਂ
ਤਾਂ ਕਿੰਨਾ ਲੰਬਾ ਪੈਂਡਾ... ਦਿੱਸਦਾ। ਪਿੰਡਾਂ ਸ਼ਹਿਰ ਤੇ ਫਿਰ ਪਤਾ ਨਹੀਂ
ਕਿੱਥੇ-ਕਿੱਥੇ। ਪਰ ਹੈ ਹਾਲੇ ਵੀ ਮੈਂ ਉੱਥੇ ਈ ਆਂ। ਅੰਦਰਲਾ ਡਰ
ਉੱਥੇ ਈ ਬੈਠਾ, (ਸ਼ਰੀਰ ਛੰਡਦਾ ਹੈ।) ਖੁੱਲ੍ਹਣ ਨਹੀਂ ਦਿੰਦਾ, ਸਹਿਜ
ਨਹੀਂ ਹੋਣ ਦਿੰਦਾ। ਫੇਰ ਤੁਰਨ ਲੱਗਦਾ ਹੈ। ) ਮੈਂ ਇੱਕ ਤੋਂ ਦੂਜੇ ਸਿਰੇ
ਤੱਕ ਭਟਕਦਾ। ਕਦੇ ਉੱਚੀ-ਉੱਚੀ ਬੋਲਦਾ ਹਾਂ ਤੇ ਕਦੇ ਇੱਕਦਮ
ਚੁੱਪ ਹੋ ਜਾਨਾ... ਡਰਿਆ।

41