ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਲ। ਪਹਿਲਾ ਸ਼ੋਅ ਹੋਇਆ... "ਹਿੱਟ"। ਸਾਰੇ ਹੁਣ ਮੈਨੂੰ ਉਸ ਪਾਤਰ ਦੇ ਨਾਂ ਨਾਲ ਬੁਲਾਉਂਦੇ। (ਲੰਮਾ ਸਾਹ ਭਰਦਾ ਹੈ।) ਪਾਤਰਾਂ ਦੀ ਦੁਨੀਆ 'ਚ ਸਾਹ ਸੌਖਾ ਆਉਂਦਾ। ਸਾਡੇ ਵਾਰਡਨ ਦੀ ਘਰਵਾਲੀ ਤਾਂ ਮਹਾਰਿਸ਼ੀ ਕਹਿੰਦੀ ਸੀ ਮੈਨੂੰ। ਅਸੀਂ ਉਸਨੂੰ ਅੰਮਾ ਕਹਿੰਦੇ (ਜਿਵੇਂ ਅੰਦਰ ਹੀ ਅੰਦਰ ਘੁਲ਼ ਰਿਹਾ ਹੋਵੇ) ਚੰਗਾ ਲਗਦੈ! (ਚੁੱਪ) ਪਰ ਅਸਲ ਦੁਨੀਆ ਤਾਂ ਹੋਰ ਸੀ...

(ਚੁੱਪ)

ਪੂਨੇ ਲਾਗੇ ਇੱਕ ਪਿੰਡ 'ਚ ਬੜਾ ਭਿਆਨਕ ਕਾਂਡ ਹੋਇਆ, ਦਰਦਨਾਕ। ਸਵਰਨ ਜਾਤ ਦੇ ਕੁਝ ਬੰਦਿਆਂ ਨੇ ਬੰਧੂਆਂ ਮਜ਼ਦੂਰਾਂ ਦੀਆਂ ਅੱਖਾਂ ਕੱਢਤੀਆਂ ਤੇ ਬੰਬਈ..., ਪੂਨੇ ਹਰ ਥਾਂ ਤਣਾਅ ਫੈਲ ਗਿਆ। ਦਲਿਤ ਪੈਂਥਰ ਵੀ ਸਰਗਰਮ ਹੋ ਗਈ। ਮੈਨੂੰ ਇਸ ਘਟਨਾ ਨੇ ਫਿਰ ਅਤੀਤ ਵੱਲ ਸੁੱਟ ਦਿੱਤਾ। ਮੈਂ ਦਲਿਤਾਂ ਦੇ ਮਸਲੇ 'ਤੇ ਇੱਕ ਲੇਖ ਲਿਖਿਆ, ਜਿਹੜਾ ਅਖ਼ਬਾਰ ਵਿੱਚ ਛਪ ਗਿਆ। ਬੱਸ ਫੇਰ ਕੀ ਸੀ ਰੌਲਾ ਪੈ ਗਿਆ। ਸ਼ਿਵ ਸੈਨਾ ਵਾਲੇ 'ਕੱਠੇ ਹੋ ਕੇ ਆ ਗਏ। ਹੁੱਲੜਬਾਜ਼ੀ 'ਤੇ ਉੱਤਰ ਆਏ।

ਪ੍ਰਿੰਸੀਪਲ ਨੇ ਮੈਨੂੰ ਸੱਦ ਲਿਆ ਕਮਰੇ 'ਚ। ਪਹਿਲਾਂ ਤਾਂ ਉਹ ਕਿੰਨੀ ਦੇਰ ਮੇਰੇ ਵੱਲ ਵੇਖੀ ਗਿਆ... ਫੇਰ ਇੱਕ ਕਾਪੀ ਅਖ਼ਬਾਰ ਦੀ ਮੇਰੇ ਮੂਹਰੇ ਸੁੱਟੀ, "ਇਹ ਤੂੰ ਲਿਖਿਆ...?"

ਮੈਂ ਕਿਹਾ ਹਾਂ ਜੀ। (ਪ੍ਰਿੰਸੀਪਲ ਵਾਂਗ ਭੜਕ ਕੇ) "ਚੰਗੀ ਤਰ੍ਹਾਂ ਵੇਖਕੇ ਦੱਸ... ਕੀ ਇਹ ਲੇਖ ਤੂੰ ਲਿਖਿਆ?" ਉਹ ਤਾਂ ਖੜ੍ਹਾ ਹੋ ਗਿਆ। ਮੈਨੂੰ ਸਮਝ ਨਾ ਆਵੇ ਕਿ ਇਸ ਬੰਦੇ ਨੂੰ ਮੈਂ ਕਿਹਾ ਕੀ। "ਤੂੰ ਸਰਕਾਰੀ ਅਦਾਰੇ 'ਚ ਐਂ।" ਮੈਨੂੰ ਲੱਗਾ ਮੈਂ ਜਿਵੇਂ ਕਿਸੇ ਜੇਲ 'ਚ ਹੋਵਾਂ। ਉਹਦੀ ਅਵਾਜ਼ ਬਹੁਤ ਦੂਰੋਂ ਆ ਰਹੀ ਸੀ। "ਤੇਰੇ ਖਿਲਾਫ਼ ਕਾਰਵਾਈ ਹੋ ਸਕਦੀ ਹੈ, ਸਾਡਾ ਕੋਈ ਡਿਸਪਲਿਨ ਹੈ..." ਉਹ ਮੈਨੂੰ ਬੋਲਣ ਦਾ ਮੌਕਾ ਈ ਨਹੀਂ ਸੀ ਦੇ ਰਿਹਾ। "ਨਾ ਤੂੰ ਠੇਕਾ ਲਿਆ ਦੁਨੀਆ ਦਾ। ਨਾ ਕੀ ਐਂ ਤੂੰ..., ਬੁੱਧੀਜੀਵੀ ਐਂ... ਲੀਡਰ ਐਂ...!" ਮੈਂ ਚੀਕ-ਚੀਕ ਕੇ ਕਹਿਣਾ ਚਾਹੁੰਦਾ ਸੀ ਕਿ ਇਹ ਮੇਰੇ ਲਈ ਕੋਈ

47