ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਲ... ਉੱਚਾ ਲੰਮਾ, ਤੁਰਿਆ ਆਵੇ ਮਗਰੋਂ 'ਵਾਜ਼ਾਂ ਮਾਰਦਾ, "ਉਏ ਝੜਮੇ", ਮੈਂ ਪਿੱਛਾ ਮੁੜਕੇ ਵੇਖਿਆ।

"ਆ ਬੜੇ ਖੰਭ ਲੱਗ ਗਏ ਤੇਰੇ ਉਏ ਹੈਂਅ..., ਨਾ..., ਤੋਰ ਈ ਨੀ ਸੰਭਲਦੀ ਕਿਤੇ ਲਾਟ ਦੀ।"

ਮੈਂ ਚੁੱਪ ਕਰਕੇ 'ਗਾਂਹ ਨੂੰ ਤੁਰ ਗਿਆ। ਉਹ ਮੇਰੇ ਮੂਹਰ ਦੀ ਹੋ ਗਿਆ। ਡਾਂਗ ਦੀ ਹੁੱਝ ਮੇਰੇ ਢਿੱਡ 'ਚ ਮਾਰੀ। (ਦਰਦ ਨਾਲ ਦੁਹਰਾ ਹੋਇਆ ਉੱਪਰ ਨੂੰ ਦੇਖਦਾ ਹੈ ਤੇ ਫੇਰ ਸਿੱਧਾ ਹੋ ਕੇ।) "ਪੜ੍ਹਨ ਨੂੰ ਤਾਂ ਸੁਣਿਆ ਚੰਗਾ ਐਂ, ਨਾ ਸਾਲਿਆ ਪੜਕੇ ਕੀ ਡੀ.ਸੀ. ਲੱਗ ਜੇਂਗਾ। ਰਹਿਣਾ ਤਾਂ ਚੂਹੜੇ ਦਾ ਚੂਹੜਾ ਈ ਆ।" ਮੈਂ ਫਿਰ ਵੀ ਕੁਝ ਨਹੀਂ ਬੋਲਿਆ। ਉਹਨੇ ਮੇਰਾ ਝੋਲ਼ਾ ਖੋਹ ਲਿਆ ਤੇ ਟੰਗ ਲਿਆ ਡਾਂਗ 'ਤੇ, ਲੱਗ ਪਿਆ ਘੁੰਮਾਉਣ...!

(ਉੱਪਰ ਵੱਲ ਨੂੰ ਮੂੰਹ ਕਰਕੇ ਬੇਬਸੀ 'ਚ ਰੋਣਹੱਕਾ ਹੋਇਆ ਮੰਚ 'ਤੇ ਘੁੰਮਦਾ ਹੈ, ਜਿਵੇਂ ਝੋਲਾ ਘੁੰਮਦਾ ਦੇਖ ਰਿਹਾ ਹੋਵੇ। ਫੇਰ ਆਪ ਹੀ ਦੂਜੇ ਪਾਤਰ ਦਾ ਵੀ ਰੋਲ ਕਰਦਾ ਹੈ, ਜਿਹੜਾ ਉਸਨੂੰ ਚਿੜਾਅ ਰਿਹਾ ਹੈ ਤੇ ਝੋਲ਼ਾ ਆਸਮਾਨ ਵੱਲ ਉਛਾਲ ਦਿੰਦਾ ਹੈ। ... ਤੇ ਮੁੜ ਕਾਪੀਆਂ ਇਕੱਠੀਆਂ ਕਰਦੇ ਹੋਏ ਬੋਲਦਾ ਹੈ।)

ਮੈਂ ਬਹੁਤ ਮਿੰਨਤਾਂ ਕੀਤੀਆਂ ਬਈ, ...ਬਸਤਾ ਦੇ-ਦੇ, ਮੇਰੀਆਂ ਕਿਤਾਬਾਂ ਕਾਪੀਆਂ ਪਾਟ ਜਾਣਗੀਆਂ। ਉਹਨੇ ਮੇਰੀ ਇੱਕ ਨਾ ਸੁਣੀ ਝੋਲ਼ਾ ਚੱਕ ਕੇ ਟੋਏ 'ਚ ਠੋਕਿਆ। ...ਮੇਰੀਆਂ ਸਾਰੀਆਂ ਕਾਪੀਆਂ ਕਿਤਾਬਾਂ ਚਿੱਕੜ ਨਾਲ ਲਿੱਬੜ ਗਈਆਂ। ਤੇ ਉਹ ...ਹੱਸੀ ਜਾ ਰਿਹਾ ਸੀ। (ਆਲੇ-ਦੁਆਲੇ ਦੇਖਦਾ ਹੈ ਤੇ ਉੱਠਦਾ ਹੈ।)

(ਚੁੱਪ)

ਉਸ ਦਿਨ ਸਕੂਲ ਵਿੱਚ ਮੇਰਾ ਜੀਅ ਨਾ ਲੱਗਿਆ। ਬੱਸ ਇਹੋ ਆਉਂਦਾ ਮਨ 'ਚ ਵਾਰ-ਵਾਰ ਕਿ ਹੈ ਨੀ ਪੜ੍ਹਾਈ ਮੇਰੀ ਕਿਸਮਤ 'ਚ। ਫੇਰ ਬਾਪੂ ਦੀ ਕਹੀ ਗੱਲ ਯਾਦ ਆਉਂਦੀ, "ਮੁਨਸ਼ੀ ਪੁੱਤ ਪੜ੍ਹ ਲਿਖਕੇ ਜਾਤ ਸੁਧਾਰਣੀ ਆ।"

28