ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਇੱਜ਼ਤ ਕਰ, ਓਸਦੇ ਧੌਲੇ ਵਾਲਾਂ ਦੀ ਬੇਅਦਬੀ ਨਾ ਕਰ, ਆਪਣੇ ਬਾਲ ਪੁਣੇ ਨੂੰ ਜਿਸ ਵੇਲੇ ਕਿ ਤੂੰ ਬਿਲਕੁਲ ਲਚਾਰ ਤੇ ਪਰਵਸ ਸੈਂ-ਯਾਦ ਕਦ ਅਤੇ ਆਪਣੀ ਜੁਆਨੀ ਦੀ ਆਕੜ ਨੂੰ ਵੀ ਨਾਂ ਭੁੱਲ। ਆਪਣੇ ਬੁੱਢੇ ਪਿਓ ਦੀ ਲਚਾਰੀ ਦੇ ਵੇਲੇ ਓਸਦੀ ਸੇਵਾ ਕਰ, ਓਸਦਾ ਹਰ ਤਰਾਂ ਖਿਆਲ ਰੱਖ; ਜਿਸ ਨਾਲ ਓਸਦੇ ਜੀਵਨ ਦੇ ਬਾਕੀ ਦਿਨ ਸੁਖ ਤੇ ਬੇ ਫਿਕਰੀ ਨਾਲ ਬੀਤਣ ਅਤੇ ਓਹ ਨਿਸਚਿੰਤ ਹੋ ਕੇ ਮੌਤ ਦੀ ਉਡੀਕ ਵਿਚ ਕਰਤਾਰ ਦਾ ਸਿਮਰਨ ਕਰਦਾ ਰਹੇ। ਤੇਰੇ ਨਮੂਨੇ ਨਾਲ ਤੇਰੀ ਉਲਾਦ ਵੀ ਬੁਢੇਪੇ ਵਿਚ ਤੇਰੇ ਕੰਮ ਆਵੇਗੀ, ਨਹੀਂ ਤਾਂ ਯਾਦ ਰੱਖ, ਜੇ ਤੂੰ ਆਪਣੇ ਮਾਪਿਆਂ ਦੀ ਬੁੱਢੇ ਵਾਰੇ ਕੋਈ ਸੇਵਾ ਨਹੀਂ ਕੀਤੀ ਤਾਂ ਤੈਨੂੰ ਵੀ ਅਪਨੀ ਉਲਾਦ ਪਾਸੋ ਸੁਖ ਪ੍ਰਾਪਤ ਕਰਨ ਦੀ ਕੋਈ ਆਸ ਨਹੀਂ ਰਖਣੀ ਚਾਹੀਦੀ।

ਬੈਂਤ:-ਬੇਟਾ! ਪਿਤਾ ਦੇ ਲਾਲ ਤੇ ਮਾਲ, ਮਾਂ ਦੇ!
ਨੇਕ ਬਖਤ ਬਣ ਸੋਭਾ ਸੰਸਾਰ ਦੀ ਲੈ।
ਮਾਉਂ, ਬਾਪ ਤੇ ਸਿਆਣੇ ਉਸਤਾਦ ਪਾਸੋਂ,
ਹਰ ਦਮ ਸਿੱਖਯਾ ਨੇਕੀਆਂ ਕਾਰ ਦੀ ਲੈ।
ਮਾਤਾ ਪਿਤਾ ਦਾ ਅਦਬ ਤੇ ਸੇਵਾ ਕਰਕੇ,
ਕ੍ਰਿਪਾ ਓਸ ਸੱਚੇ ਪਰਵਦਗਾਰ ਦੀ ਲੈ।
ਬਚੀਂ ਸਦਾ ਕਸੰਗੀਆਂ ਮਿੱਤਰਾਂ ਤੋਂ,
ਰਾਇ ਕਦੇ ਨਾਹੀਂ ਭੈੜੇ ਯਾਰ ਦੀ ਲੈ।
ਜੇ ਤੂੰ ਮਾਉਂ ਤੇ ਬਾਪ ਦੀ ਸੇਵ ਕਰਸੇਂ,
ਤੈਂ ਉਲਾਦ ਵੀ ਫਿਰ ਤੇਰੀ ਦਾਸ ਹੋਈ।