ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੭)

ਭਲਿਆਈ ਨਹੀਂ ਲਭਦੀ, ਜੋ ਹਰ ਵੇਲੇ ਰੁਪੱਯਾ ਕੱਠਾ ਕਰਨ ਦੀ ਚਿੰਤਾ ਵਿਚ ਰਹਿੰਦਾ ਹੈ।

ਦੌਲਤ ਸਿਆਣਪ ਦੀ ਗੱਲ ਹੈ ਪਰ ਮੂਰਖ ਵਾਸਤੇ ਓਹ ਜੱਲਾਦ ਹੈਂ। ਲੋਭੀ ਆਦਮੀ ਰੂਪੈ ਦੇ ਮਗਰ ਪਿਆ ਰਹਿੰਦਾ ਹੈ, ਪਰ ਓਹ ਏਹਦੇ ਪਾਸੋਂ ਕੋਈ ਲਾਭ ਨਹੀਂ ਲੈਂਦਾ। ਜਿਸਤਰਾਂ ਰੋਗੀ ਵਾਸਤੇ ਬੁਖਾਰ ਹੁੰਦਾ ਹੈ, ਓਸੇ ਤਰਾਂ ਲੋਭੀ ਵਾਸਤੇ ਧਨ ਹੈ। ਲੋਭ ਬੁਖਾਰ ਵਾਂਗ ਓਸਦੇ ਸਰੀਰ ਨੂੰ ਸਾੜਦਾ ਅਤੇ ਸਤਾਉਂਦਾ ਹੈ ਅਤੇ ਮਰਦੇ ਦਮ ਤਕ ਓਸਦਾ. ਪਿੱਛਾ ਨਹੀਂ ਛੱਡਦਾ। ਕੀ ਦੌਲਤ ਨੇ ਹਜ਼ਾਰਾਂ ਆਦਮੀਆਂ ਦੀਆਂ ਨੇਕੀਆਂ ਤੇ ਗੁਣਾਂ ਨੂੰ ਬਰਬਾਦ ਨਹੀਂ ਕਰ ਦਿੱਤਾ? ਕੀ ਮਾਇਆ ਧਾਰ ਅਤਿ ਅੰਨਾ ਬੋਲਾ ਵਾਲਾ ਗੁਰਵਾਕ ਅੱਖਰ ਅੱਖਰ ਪ੍ਰਤੱਖ ਤੇ ਸੱਚਾ ਨਹੀਂ?

ਕੀ ਓਹਨਾਂ ਆਦਮੀਆਂ ਪਾਸ ਦੋਲਤ ਦੇ ਢੇਰ ਨਹੀਂ ਹਨ, ਜੋ ਸਭ ਤੋਂ ਬੁਰੇ ਤੇ ਪਾਪੀ ਹਨ? ਫੇਰ ਤੇਰੀ ਏਹ ਵਾਸ਼ਨਾ ਕਿਸ ਕੰਮ ਕਿ ਤੇਰੇ ਪਾਸ ਬਹੁਤੀ ਦੌਲਤ ਹੋਵੇ ਤਾਂ ਤੂੰ ਮਸ਼ਹੂਰ ਹੋਵੇਂ?

ਕੀ ਸਤਗੁਰੁ ਨਾਨਕ ਦੇਵ ਦੇ ਪਾਸ ਦੌਲਤ ਸੀ? ਕੀ ਕਬੀਰ ਤੇ ਫਰੀਦ ਆਦਿ ਭਗਤ ਦੌਲਤ ਦੇ ਕਾਰਨ ਜਗਤ ਪ੍ਰਸਿੱਧ ਹੋਏ ਹਨ? ਕਾਰੂੰ ਨੂੰ ਕਿਉਂ ਲੋਕ ਬੁਰਾ ਕਹਿੰਦੇ ਹਨ? ਕੀ ਓਹਦੇ ਪਾਸ ਦੌਲਤ ਦੇ ਬੇਅੰਤ ਖ਼ਜ਼ਾਨੇ ਨਹੀਂ ਸਨੇ? ਕੀ ਔਰੰਗਜ਼ੇਬ ਅਤੇ ਨਾਦਰਸ਼ਾਹ ਪਾਸ ਦੌਲਤ ਨਹੀਂ ਸੀ? ਫੇਰ ਲੋਕ ਓਹਨਾਂ ਨੂੰ ਪਾਪੀ ਤੇ ਜ਼ਾਲਮ ਕਿਉਂ ਆਖਦੇ ਹਨ?