ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੩)

ਕੀ ਤੂੰ ਖੁਸ਼ ਹੋ ਜਾਵੇਗਾ ਅਤੇ ਕੀ ਓਹ ਖੁਸ਼ੀ ਸਦਾ ਵਾਸਤੇ ਤੇਰੇ ਪਾਸ ਰਹੇਗੀ? ਸ਼ੋਕ। ਕਦੇ ਨਹੀਂ (“ਬਿਨਾ ਸੰਤੋਖ ਨਹੀਂ ਕੋਊ ਰਾਜੈ” ਗੁਰਵਾਕ) ਤੇਰੀ ਕਮਜ਼ੋਰੀ ਏਸਦੇ ਵਿਰੁੱਧ ਹੈ। ਕਿਉਂਕਿ ਜਿਸ ਚੀਜ਼ ਤੋਂ ਅਮੁੱਕ ਖੁਸ਼ੀ ਮਿਲਨੀ ਹੋਵੇ ਓਹ ਆਪ ਵੀ ਅਨਸ ਹੋਣੀ ਚਾਹੀਦੀ ਹੈ। ਜਦੋਂ ਓਹ ਚੀਜ਼ ਤੇਰੇ ਪਾਸੋਂ ਜਾਂਦੀ ਰਹਿੰਦੀ ਹੈ ਤਾਂ ਤੂੰ ਪਛਤਾਉਂਦਾ ਹੈ, ਭਾਵੇਂ ਜਿਸ ਵੇਲੇ ਓਹ ਤੇਰੇ ਪਾਸ ਸੀ ਓਸ ਵੇਲੇ ਤੈਨੂੰ ਓਸਦੀ ਰਤਾ ਵੀ ਪ੍ਰਵਾਹ ਨਹੀਂ ਸੀ, ਜੇਹੜੀ ਚੀਜ਼ ਉਸਦੀ ਥਾਂ ਮਿਲਦੀ ਹੈ,ਓਸਤੋਂ ਵੀ ਤੈਨੂੰ ਖੁਸ਼ੀ ਨਹੀਂ ਹੁੰਦੀ, ਫੇਰ ਵੀ ਤੂੰ ਆਪਣੇ ਆਪ ਨੂੰ ਹੀ ਮੰਦਾ ਚੰਗਾ ਆਖਦਾ ਹੈਂ।

ਤੇਰੀ ਕਮਜ਼ੋਰੀ ਤੇਰੇ ਲੋਭ ਨਾਲੋਂ ਵਧ ਕਿਸੇ ਹੋਰ ਗਲ ਵਿਚ ਪ੍ਰਗਟ ਹੁੰਦੀ ਹੈ? ਜਦ ਕਿਸੇ ਚੰਗੀ ਚੀਜ਼ ਦਾ ਆਨੰਦ ਮਿਲ ਜਾਂਦਾ ਹੈ ਤਾਂ ਓਹ ਭੈੜੀ ਤੇ ਨਿਕੰਮੀ ਹੋ ਜਾਂਦੀ ਹੈ। ਕੁਦਰਤ ਨੇ ਜਿਨ੍ਹਾਂ ਚੀਜ਼ਾਂ ਨੂੰ ਨਿਰੋਲ ਮਿੱਠੀਆਂ ਬਣਾਇਆ ਹੈ, ਓਹ ਸਾਨੂੰ ਕੌੜੀਆਂ ਲਗਦੀਆਂ ਹਨ। ਜਿਹਾ ਕਿ, 'ਸੱਚ' ਅਸਲ ਵਿਚ ਬਹੁਤ ਮਿੱਠਾ ਹੈ, ਪਰ ਸਾਨੂੰ ਮਿਰਚਾਂ ਵਤ ਲਗਦਾ ਹੈ।

ਜੇਕਰ ਤੂੰ ਹਰੇਕ ਚੀਜ਼ ਪਾਸੋਂ ਯੋਗ ਆਨੰਦ ਲਵੇਂ ਤਾਂ ਓਹ ਸਦਾ ਹੀ ਤੇਰੇ ਵਾਸਤੇ ਆਨੰਦ ਦਾਇਕ ਰਹਿਣ ਗੀਆਂ। ਤੇਰੀ ਖੁਸ਼ੀ ਦਾ ਸੋਮਾ ਅਕਲ ਵਿਚ ਹੋਣਾ ਚਾਹੀਦਾ ਹੈ।

ਪ੍ਰੇਮ ਦੀਆਂ ਖੁਸ਼ੀਆਂ ਦਾ ਆਰੰਭ ਠੰਢੇ ਹਾਹੁਕਿਆਂ ਤੋਂ ਹੁੰਦਾ ਹੈ ਅਤੇ ਅੰਤ ਚਿੰਤਾ ਤੇ ਨਿਰਾਸਤਾ ਵਿਚ ਹੁੰਦਾ ਹੈ।