ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/96

ਇਹ ਸਫ਼ਾ ਪ੍ਰਮਾਣਿਤ ਹੈ

ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਕਿਰ ਰਹੇ ਸਨ।
ਹੰਝੂ ਤਾਂ ਪੱਥਰ ਦਿਲਾਂ ਨੂੰ ਵੀ ਪਿਘਲਾ ਦੇਂਦੇ ਨੇ, ਅਕਬਰ ਕੀਹਦੇ ਪਾਣੀ ਹਾਰ ਸੀ...। ਉਹਨੇ ਝੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ ਵਿਚ ਘੁਟਦਿਆਂ ਕਿਹਾ, "ਮੇਰੀ ਜਾਨ, ਕੋਈ ਗੱਲ ਵੀ ਤਾਂ ਦੱਸੋ, ਕਿਹੜੀ ਗੱਲੋਂ ਸੋਹਣਿਆਂ ਨੇ ਅੱਖਾਂ ਸਜਾਈਆਂ ਨੇ।"
"ਰਾਜਨ!" ਰਾਣੀ ਗਲ਼ਾ ਸਾਫ਼ ਕਰਦਿਆਂ ਬੋਲੀ, "ਤੁਸੀਂ ਤੇ ਅਦਲੀ ਰਾਜਾ ਅਖਵਾਉਂਦੇ ਓ... ਤੁਹਾਡੇ ਇਨਸਾਫ਼ ਦੀਆਂ ਧੁੰਮਾਂ ਚਾਰੇ ਪਾਸੇ ਜਗ ਰੌਸ਼ਨ ਨੇ। ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਹੈ ਜੋ ਤੁਸੀਂ ਇਕ ਨਵੀਂ ਸੌਂਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ?"
"ਰਾਣੀ ਕੀ ਬੁਝਾਰਤਾਂ ਪਾ ਰਹੀ ਏਂ, ਸਪੱਸ਼ਟ ਗੱਲ ਕਰ।" ਅਕਬਰ ਬੋਲਿਆ।
ਰਾਣੀ ਅਕਬਰ ਦੀ ਨਬਜ਼ ਨੂੰ ਬਾਖ਼ੂਬੀ ਪਛਾਣਦੀ ਸੀ। ਉਹ ਉਹਦੇ ਪੂਰੇ ਪ੍ਰਭਾਵ ਥੱਲੇ ਸੀ... ਬੋਲੀ, "ਰਾਜਨ ਮੈਂ ਰਾਜਪੂਤ ਜੱਟਾਂ ਦੀ ਧੀ ਆਂ। ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਿਮੀਦਾਰ ਜਾਇਦਾਦ ਪਿਛੇ ਆਪਣੇ ਸਕੇ ਭਰਾਵਾਂ ਨੂੰ ਵੱਢਣ ਲੱਗੇ ਭੋਰਾ ਕਿਰਕ ਨੀ ਕਰਦੇ। ਮੇਰੇ ਭੋਲੇ ਪਾਤਸ਼ਾਹ ਤੁਹਾਨੂੰ ਪਤੈ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜਾਇਦਾਦ ਨੂੰ ਹੜੱਪਣ ਤੇ ਉਹਦੀ ਲੰਬਰਦਾਰੀ ਹਥਿਆਉਣ ਖ਼ਾਤਰ ਉਨ੍ਹਾਂ 'ਤੇ ਰਾਜ ਦਰਬਾਰ ਵਿਰੁੱਧ ਬਗ਼ਾਵਤ ਕਰਨ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਲਿਆਇਐ ਤੇ ਤੁਹਾਡੇ ਦਰਬਾਰ 'ਚ ਉੱਚਾ ਰੁਤਬਾ ਲੈਣ ਖ਼ਾਤਰ ਆਪਣੀ ਧੀਆਂ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿਚ ਸ਼ਾਮਲ ਕਰ ਕੇ ਮੇਰੀ ਸੌਂਕਣ ਬਣਾਉਣ ਦੀ ਵਿਉਂਤ ਬਣਾ ਕੇ ਉਹਦੇ ਪਤੀ ਕੀਮੇ ਨੂੰ ਵੀ ਫੜ ਲਿਐ।"
ਰਾਣੀ ਦੇ ਬੋਲਣ ਦਾ ਅੰਦਾਜ਼ ਹੀ ਅਜਿਹਾ ਸੀ ਕਿ ਅਕਬਰ ਦੀ ਆਤਮਾ ਟੁੱਬੀ ਗਈ ਤੇ ਉਹ ਧੁਰ ਅੰਦਰ ਤਕ ਝੰਜੋੜਿਆ ਗਿਆ।
ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ।
ਬੰਦੀਆਂ ਸਮੇਤ ਦਰੀਆ ਹਾਜ਼ਰ ਹੋ ਗਿਆ। ਰਾਜੇ ਨੇ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ- ਕਮੀਨਗੀ ਦੇ ਡੋਰੇ ਉਹਦੀਆਂ ਅੱਖਾਂ ਵਿਚ ਸਾਫ਼ ਝਲਕ ਰਹੇ ਸਨ।
ਅਕਬਰ ਨੇ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਅਤੇ ਦਰੀਏ ਨੂੰ ਰਾਜ ਦਰਬਾਰ ਨਾਲ਼ ਧੋਖਾਦੇਹੀ ਕਰਨ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ

ਪੰਜਾਬੀ ਲੋਕ ਗਾਥਾਵਾਂ/ 92