ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/90

ਇਹ ਸਫ਼ਾ ਪ੍ਰਮਾਣਿਤ ਹੈ

ਬਤੀਤ ਕਰ ਰਿਹਾ ਸੀ... ਉਹਦੀ ਧੀ ਜਵਾਨੀ ਦੀਆਂ ਬਰੂਹਾਂ 'ਤੇ ਆਣ ਖਲੋਤੀ ਸੀ, ਜਿਸ ਦੀ ਉਹਨੂੰ ਕੋਈ ਚਿੰਤਾ ਨਹੀਂ ਸੀ।
ਰਾਏ ਮੁਬਾਰਕ ਅਵੈੜੇ ਸੁਭਾਅ ਦਾ ਮਾਲਕ ਸੀ, ਜਿਸ ਕਰਕੇ ਜਮਾਲੋ ਉਹਦੇ ਨਾਲ਼ ਮਲਕੀ ਬਾਰੇ ਕੋਈ ਗੱਲ ਕਰਨੋਂ ਝਿਜਕਦੀ ਸੀ। ਆਖ਼ਰ ਇਕ ਦਿਨ ਹਿੰਮਤ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ, "ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦੈਂ... ਤੇਰੇ ਬੂਹੇ 'ਤੇ ਕੋਠੇ ਜਿੱਡੀ ਧੀ ਬੈਠੀ ਐ ਉਹਨੂੰ ਵਿਆਹੁਣ ਦਾ ਕੋਈ ਬੰਨ ਸੁਬ ਕਰ।"
ਰਾਏ ਮੁਬਾਰਕ ਸੱਚ-ਮੁਚ ਹੀ ਮਲਕੀ ਵਲੋਂ ਅਵੇਸਲਾ ਹੋਇਆ ਬੈਠਾ ਸੀ... ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ਼ ਖੇਡਣ ਵਾਲੀ ਬੱਚੀ ਸੀ।
"ਭਾਗਵਾਨੇ ਤੂੰ ਕਾਹਨੂੰ ਆਪਣਾ ਲਹੂ ਸਾੜਦੀ ਐਂ, ਮਲਕੀ ਦਾ ਚਾਚਾ ਦਰੀਆ ਹੈਗਾ ਆਪੇ ਕੋਈ ਇਹਦੇ ਹਾਣ ਪਰਵਾਣ ਦਾ ਵਰ ਲੱਭ ਦੇਊਗਾ... ਭਲਕੇ ਚਿੱਠੀ ਲਿਖਦਾ ਆਂ ਉਹਨੂੰ।"
ਅਗਲੀ ਭਲਕ ਰਾਏ ਮੁਬਾਰਕ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਦਿੱਤੀ।
ਵੱਡੇ ਭਰਾ ਦੀ ਚਿੱਠੀ ਮਿਲਦੇ ਸਾਰ ਹੀ ਦਰੀਏ ਨੂੰ ਖ਼ੁਸ਼ੀਆਂ ਚੜ੍ਹ ਗਈਆਂ। ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖ਼ੁਦਗਰਜ਼ੀ ਦੇ ਅੰਸ਼ ਪ੍ਰਵੇਸ਼ ਕਰ ਚੁੱਕੇ ਸਨ... ਉਹ ਆਪਣੇ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦਾ ਸੀ। ਪਰੀਆਂ ਵਰਗੀ ਉਹਦੀ ਹੁਸੀਨ ਭਤੀਜੀ ਮਲਕੀ ਉਹਦੇ ਲਈ ਇਕ ਅਜਿਹੀ ਗਿੱਦੜ ਸਿੰਗੀ ਸਾਬਤ ਹੋ ਸਕਦੀ ਸੀ, ਜਿਸ ਦੁਆਰਾ ਉਹ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਉੱਚ ਪਦਵੀ ਪ੍ਰਾਪਤ ਕਰ ਸਕਦਾ ਸੀ। ਹੁਸਨਪ੍ਰੱਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ। ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਮਲੂਕੜੀ ਮਲਕੀ ਰਾਹੀਂ ਉਸ ਦੀ ਏਸ ਕਮਜ਼ੋਰੀ ਦਾ ਲਾਭ ਉਠਾਉਣ ਦਾ ਮਨ ਬਣਾ ਲਿਆ।
ਆਥਣ ਪਸਰ ਰਹੀ ਸੀ ਜਦੋਂ ਦਰੀਆ ਗੜ੍ਹ ਮੁਗਲਾਣੇ ਪੁੱਜਾ। ਉਹਨੂੰ ਵੇਖ ਕੇ ਉਹਦੇ ਵੱਡੇ ਭਰਾ ਮੁਬਾਰਕ ਅਤੇ ਦੋਹਾਂ ਭਤੀਜਿਆਂ ਨੂੰ ਖੁਸ਼ੀਆਂ ਚੜ੍ਹ ਗਈਆਂ। ਆਂਢੀ-ਗੁਆਂਢੀ ਉਹਦੀ ਖ਼ਬਰ ਸਾਰ ਲੈਣ ਆਏ। ਘਰ ਦੀਆਂ ਬੇਗ਼ਮਾਂ ਰੋਟੀ-ਟੁਕ ਦੇ ਆਹਰ ਵਿਚ ਰੁਝ ਗਈਆਂ... ਮੁਰਗ ਮੁਸੱਲਮ ਭੁੰਨੇ ਗਏ... ਦਰੀਏ ਅਤੇ ਮੁਬਾਰਕ ਨੇ ਬੋਤਲਾਂ ਦੇ ਡੱਟ ਖੋਹਲ ਲਏ ਤੇ ਉਹ ਸਰੂਰ ਵਿਚ ਆ ਗਏ। ਉਹਦੇ ਭਤੀਜੇ ਉਹਦੀ ਖ਼ਾਤਰਦਾਰੀ ਵਿਚ ਪੇਸ਼ ਪੇਸ਼ ਸਨ... ਭਾਬੀ ਜਮਾਲੋ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ, ਜੋ ਆਨੀ ਬਹਾਨੀਂ ਦੋਹਾਂ ਭਰਾਵਾਂ ਦੀ

ਪੰਜਾਬੀ ਲੋਕ ਗਾਥਾਵਾਂ/ 86