ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਬਚਾਉਣ ਲਈ ਉਹਨੇ ਇਕ ਵਿਉਂਤ ਬਣਾਈ। ਉਹਨੇ ਮਾਲਣ ਹੱਥ ਇਕ ਸੁਨੇਹਾ ਚੰਦਰ ਬਦਨ ਨੂੰ ਭੇਜਿਆ, "ਚੰਦਰ ਸ਼ੁਕਰ ਐ ਖ਼ੁਦਾ ਦਾ ਤੂੰ ਡੋਲੀ ਨਹੀਂ। ਸੁਦਾਗਰ ਨੂੰ ਆਖ ਕਿ ਉਹ ਤੇਰੇ ਨਾਲ਼ ਵਿਆਹ ਕਰਾਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ।"
ਮਾਲਣ ਗੁਲਦਸਤਾ ਭੇਂਟ ਕਰਨ ਦੇ ਪੱਜ ਬਸੰਤ ਦਾ ਸੁਨੇਹਾ ਚੰਦਰ ਬਦਨ ਨੂੰ ਦੇ ਆਈ! ਉਹਨੇ ਸੁਦਾਗਰ ਨੂੰ ਆਖਿਆ, "ਮਾਲਕ ਮੈਂ ਤੁਹਾਨੂੰ ਹੋਰ ਤੜਪਾਉਣਾ ਨਹੀਂ ਚਾਹੁੰਦੀ- ਵਿਆਹ ਕਰਾਣ ਲਈ ਹੁਣੇ ਤਿਆਰ ਹਾਂ- ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ। ਤਦ ਹੀ ਵਿਆਹ ਸੰਪੂਰਨ ਹੋਵੇਗਾ!"
"ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ- ਤੇਰੇ ਲਈ ਤਾਂ ਮੈਂ ਪਹਾੜ ਵੀ ਪੁਟ ਸਕਦਾ ਹਾਂ। ਅੱਜ ਹੀ ਰਾਜਾ ਰੂਪ ਦੇ ਦਰਬਾਰ 'ਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ!"
ਸੁਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿਚ ਜਾ ਅਰਜ਼ ਗੁਜ਼ਾਰੀ। ਰੂਪ ਤਾਂ ਆਪ ਇਹ ਕਥਾ ਸੁਣਨ ਲਈ ਉਤਾਵਲਾ ਸੀ। ਉਹਨੇ ਸਾਰੇ ਰਾਜ ਵਿਚ ਡੌਂਡੀ ਪਿਟਵਾ ਦਿੱਤੀ ਕਿ ਜਿਹੜਾ ਵਯੱਕਤੀ ਰਾਜ ਦਰਬਾਰ ਵਿਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ।
ਅਗਲੀ ਭਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਅਰਜ਼ ਕੀਤੀ, "ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ। ਉਹਨੇ ਕਦੇ ਪਰਾਏ ਮਰਦ ਦਾ ਮੂੰਹ ਨਹੀਂ ਵੇਖਿਆ। ਮੇਰੇ ਘਰ ਤੋਂ ਸਾਰੇ ਰਾਹ ਵਿਚ ਕਨਾਤਾਂ ਲਗਵਾ ਦੇਵੋ- ਉਹ ਡੋਲੀ 'ਚ ਬੈਠ ਕੇ ਤੁਹਾਡੇ ਦਰਬਾਰ 'ਚ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ।"
ਬਸੰਤ ਨੂੰ ਡਰ ਸੀ ਕਿ ਪਹਿਲਾਂ ਵਾਂਗ ਕੋਤਵਾਲ ਉਹਨੂੰ ਪਛਾਣ ਨਾ ਲਵੇ। ਇਸ ਲਈ ਉਹਨੇ ਆਪਣਾ ਭੇਸ ਬਦਲ ਕੇ ਰਾਜ ਦਰਬਾਰ ਵਿਚ ਜਾਣ ਦੀ ਵਿਉਂਤ ਬਣਾਈ ਸੀ।
ਸਾਰੇ ਰਾਹ ਵਿਚ ਕਨਾਤਾਂ ਲੱਗ ਗਈਆਂ। ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇਕ ਖ਼ੂਬਸੂਰਤ ਮੁਟਿਆਰ ਦੇ ਰੂਪ ਵਿਚ ਸ਼ਿੰਗਾਰ ਦਿੱਤਾ ਤੇ ਕਹਾਰ ਉਸ ਨੂੰ ਡੋਲੀ ਵਿਚ ਬਹਾ ਕੇ ਰਾਜ ਦਰਬਾਰ ਵਿਚ ਲੈ ਆਏ।
ਰਾਜ ਦਰਬਾਰ ਵਿਚ ਖ਼ੂਬ ਰੌਣਕਾਂ ਸਨ। ਰਾਜਾ ਰੂਪ ਰਾਜ ਸਿੰਘਾਸਣ 'ਤੇ ਬਿਰਾਜਮਾਨ ਸੀ। ਸੌਦਾਗਰ ਅਤੇ ਹੋਰ ਅਹਿਲਕਾਰ ਰਾਜੇ ਦੇ ਨਾਲ਼ ਸੁਸ਼ੋਭਤ ਸਨ ਤੇ ਚੰਦਰ ਬਦਨ ਰਾਜ ਮਹਿਲ ਦੇ ਚਿਲਮਨ ਵਿਚ ਬੈਠੀ ਹੋਈ ਸੀ।
ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ ਪਾਸੋਂ ਆਗਿਆ ਮੰਗੀ, "ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ।"

ਪੰਜਾਬੀ ਲੋਕ ਗਾਥਾਵਾਂ/ 82