ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/85

ਇਹ ਸਫ਼ਾ ਪ੍ਰਮਾਣਿਤ ਹੈ

ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲੈ ਆਏ। ਮਿਸਰ ਦਾ ਇਕ ਮਾਲੀ ਜੋ ਮਾਹੀਗੀਰਾਂ ਦਾ ਜਾਣੂੰ ਸੀ ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ। ਮਾਲੀ ਮਾਲਣ ਦੇ ਘਰ ਕੋਈ ਔਲਾਦ ਨਹੀਂ ਸੀ ਉਹ ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖ਼ੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ। ਉਹ ਹੁਣ ਉਨ੍ਹਾਂ ਦੇ ਘਰ ਖ਼ੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਾਲਣ ਨੂੰ ਉਸ ਨੇ ਸਾਰੀ ਹੋਈ ਬੀਤੀ ਸੁਣਾਈ। ਉਸ ਨੇ ਆਖਿਆ, "ਪਰਮਾਤਮਾ ਉਸ ਦੀ ਸਾਰ ਲਵੇਗਾ ਤੇ ਚੰਦਰ ਬਦਨ ਉਸ ਨੂੰ ਜ਼ਰੂਰ ਮਿਲੇਗੀ!"
ਸੁਦਾਗਰ ਨੇ ਚੰਦਰ ਬਦਨ ਨੂੰ ਆਪਣੇ ਵਸ ਵਿਚ ਕਰਨ ਲਈ ਕਈ ਹੀਲੇ ਵਰਤੇ- ਡਰਾਇਆ ਧਮਕਾਇਆ ਵੀ- ਆਖਰ ਸੁਦਾਗਰ ਤੋਂ ਖਹਿੜਾ ਛੁਡਾਣ ਲਈ ਇਕ ਦਿਨ ਚੰਦਰ ਬਦਨ ਨੇ ਚਾਲ ਚੱਲੀ, "ਤੁਸੀਂ ਮੈਨੂੰ ਇਕ ਸਾਲ ਦਾ ਸਮਾਂ ਦੇਵੋ। ਇਸ ਸਮੇਂ ਦੌਰਾਨ ਜੇ ਬਸੰਤ ਜਿਊਂਦਾ ਮਿਲ਼ ਗਿਆ ਤਾਂ ਵਾਹ ਭਲੀ ਨਹੀਂ ਤੁਹਾਡੇ ਨਾਲ਼ ਰੀਤੀ ਅਨੁਸਾਰ ਸ਼ਾਦੀ ਕਰਵਾ ਲਵਾਂਗੀ।"
ਸੁਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ ਇਕ ਸਾਲ ਤਾਂ ਕੀ ਕਈ ਸਾਲ ਉਡੀਕਣ ਲਈ ਤਿਆਰ ਸੀ।
ਜਹਾਜ਼ ਵਾਪਸੀ 'ਤੇ ਮਿਸਰ ਵਲ ਨੂੰ ਆ ਰਿਹਾ ਸੀ ਤੇ ਚੰਦਰ ਬਦਨ ਸੁਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਸਚਿੰਤ ਹੋ ਕੇ ਬਸੰਤ ਦੀ ਯਾਦ 'ਚ ਖੋਈ ਸੁਪਨਮਈ ਸੰਸਾਰ ਵਿਚ ਖੋ ਗਈ ਸੀ ਤੇ ਓਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ।
ਆਖ਼ਰ ਜਹਾਜ਼ ਮਿਸਰ ਦੇ ਸਾਹਲ 'ਤੇ ਆਣ ਲੱਗਾ। ਬਸੰਤ ਤਾਂ ਚੰਦਰ ਦਾ ਹਾਲ ਜਾਨਣ ਲਈ ਬੇਤਾਬ ਸੀ। ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ 'ਤੇ ਪੁੱਜ ਗਈ ਤੇ ਚੰਦਰ ਬਦਨ ਦੇ ਗਲ਼ 'ਚ ਹਾਰ ਪਾਂਦਿਆਂ ਹੌਲ਼ੇ ਦੇਣੇ ਬੋਲੀ, "ਬੇਟਾ ਉਦਾਸ ਨਾ ਹੋ- ਤੇਰਾ ਸੁਹਾਗ ਜਿਊਂਦਾ ਹੈ- ਬਸੰਤ ਮੇਰੇ ਘਰ ਹੈ- ਉਸ ਨੇ ਸਾਰੀ ਹੱਡ ਬੀਤੀ ਸੁਣਾਈ ਐ- ਉਹ ਤੇਰੀ ਯਾਦ ਵਿਚ ਤੜਪ ਰਿਹੈ... ਮੈਂ ਕਲ੍ਹ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ...।"
ਐਨਾ ਆਖ ਮਾਲਣ ਜਹਾਜ਼ ਤੋਂ ਪਰਤ ਆਈ ਤੇ ਚੰਦਰ ਬਦਨ ਦੇ ਚਿਹਰੇ 'ਤੇ ਅਨੂਠੀ ਖ਼ੁਸ਼ੀ ਦੀਆਂ ਲਹਿਰਾਂ ਲਹਿ-ਲਹਾਉਣ ਲੱਗੀਆਂ ਤੇ ਉਸ ਦੇ ਮਨ ਦਾ ਮੋਰ ਪੈਲਾਂ ਪਾਉਣ ਲੱਗਾ।
ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰ ਬਦਨ ਦੇ ਪਤੀਬਰਤਾ ਧਰਮ 'ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ। ਉਸ ਤਕ ਪਹੁੰਚ ਕਰਨ ਅਤੇ ਚੰਦਰ ਬਦਨ ਨੂੰ ਸੁਦਾਗਰ ਦੇ ਚੁੰਗਲ ਚੋਂ

ਪੰਜਾਬੀ ਲੋਕ ਗਾਥਾਵਾਂ/ 81