ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਐਨੀ ਸਜ਼ਾ ਸੁਣਾ ਦੇਵੇਗਾ। ਉਹ ਆਪਣੇ ਦਿਲ 'ਤੇ ਪੱਥਰ ਰੱਖ ਕੇ ਬੈਠ ਗਿਆ। ਉਹਨੂੰ ਵਿਛੜੀ ਮਾਂ ਦੀ ਯਾਦ ਅਈ ਤੇ ਉਹਦਾ ਗੱਚ ਭਰ ਆਇਆ। ਉਹ ਭਰੇ ਨੈਣਾਂ ਨਾਲ਼ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ 'ਤੇ ਸਵਾਰ ਹੋ ਕੇ ਤੁਰ ਪਿਆ। ਅਜੇ ਉਹ ਕੁਝ ਕਦਮਾਂ 'ਤੇ ਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ਼ ਜਾ ਰਲ਼ਿਆ ਤੇ ਬੋਲਿਆ, "ਵੀਰੇ ਮੈਂ ਤੇਰੇ ਬਗ਼ੈਰ ਕੱਲਾ ਕਿਵੇਂ ਰਹਿ ਸਕਦਾਂ... ਤੇਰੇ ਨਾਲ਼ ਹੀ ਚੱਲਾਂਗਾ।"
"ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਝੱਲਣੇ ਨੇ ਜੋ ਮੇਰੇ ਕਰਮਾਂ 'ਚ ਲਿਖਿਐ ਉਹ ਤਾਂ ਮੈਂ ਭੋਗਣੈ ਹੀ ਐ... ਜਾਹ, ਪਿਛਾਂਹ ਮੁੜ ਜਾ ਵੀਰੇ।"
ਤੇ ਰੂਪ ਜ਼ਿੱਦ ਕਰਕੇ ਬਸੰਤ ਦੇ ਨਾਲ਼ ਹੀ ਜੰਗਲ ਬੀਆ ਬਾਨਾਂ ਨੂੰ ਤੁਰ ਪਿਆ। ਉਨ੍ਹਾਂ ਆਪਣੇ ਦੇਸ ਦੀ ਹੱਦ ਪਾਰ ਕਰ ਲਈ ਤੇ ਗੁਆਂਢੀ ਰਾਜ ਦੇ ਜੰਗਲ ਬੇਲਿਆਂ ਵਿਚ ਜਾ ਵੜੇ, ਜੋ ਕੰਦ ਮੂਲ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ। ਰਾਤ ਨੂੰ ਕਿਸੇ ਦਰੱਖ਼ਤ ਥੱਲੇ ਟਿਕ ਜਾਂਦੇ। ਜੰਗਲੀ ਜੀਆ ਜੰਤ ਤੋਂ ਬਚਣ ਲਈ ਅੱਧੀ ਰਾਤ ਤਕ ਇਕ ਜਣਾ ਜਾਗਦਾ ਦੂਜਾ ਸੌਂਦਾ। ਇਸ ਤਰ੍ਹਾਂ ਵਾਰੋ ਵਾਰੀ ਜਾਗਦੇ ਸੌਂਦੇ! ਇਕ ਸਾਲ ਤੋਂ ਵੀ ਵਧ ਸਮਾਂ ਉਹ ਇਸੇ ਭਟਕਣਾ ਵਿਚ ਭਟਕਦੇ ਰਹੇ ਉਨ੍ਹਾਂ ਕਈ ਨਦੀਆਂ, ਦਰਿਆ, ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਕਈ ਰਾਜਾਂ 'ਚੋਂ ਵਿਚਰਦੇ ਹੋਏ ਮਿਸਰ ਦੀ ਧਰਤੀ 'ਤੇ ਪੁਜ ਗਏ। ਇਕ ਦਿਨ ਕੀ ਭਾਣਾ ਵਾਪਰਿਆ। ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ ਤੇ ਜਦੋਂ ਰੂਪ ਦੀ ਜਾਗ ਖੁਲ੍ਹੀ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਹੈ। ਉਹਨੇ ਉਹਨੂੰ ਹਿਲਾਇਆ ਜੁਲਾਇਆ ਵੀ ਪਰੰਤੁ ਬਸੰਤ ਟਸ ਤੋਂ ਮਸ ਨਾ ਹੋਇਆ... ਰੂਪ ਸੋਚੀਂ ਪੈ ਗਿਆ ਕਰੇ ਤਾਂ ਕੀ ਕਰੇ ... ਜੰਗਲ ਬੀਆਬਾਨ... ਪਰਾਇਆ ਦੇਸ ਕੋਈ ਮਦਦਗਾਰ ਨਹੀਂ... ਉਹ ਕੱਫਣ ਦਾ ਪ੍ਰਬੰਧ ਕਰਨ ਲਈ ਬਸੰਤ ਦੀ ਲਾਸ਼ ਨੂੰ ਦਰੱਖ਼ਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ... ਤੁਰਦਿਆਂ-ਤੁਰਦਿਆਂ ਰੂਪ ਮਿਸਰ ਨਾਮੀਂ ਸ਼ਹਿਰ ਪੁਜ ਗਿਆ। ਸ਼ਹਿਰ ਦੇ ਆਲ਼ੇ-ਦੁਆਲ਼ੇ ਬਹੁਤ ਵੱਡੀ ਫਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇਕੋ ਇਕ ਦਰਵਾਜ਼ਾ ਸੀ... ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ। ਐਨੇ ਨੂੰ ਉਥੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ। ਉਨ੍ਹਾਂ ਰੂਪ ਨੂੰ ਕਿਹਾ, "ਹੇ ਪ੍ਰ੍ਦੇਸੀ ਨੌਜਵਾਨਾ ਕਲ੍ਹ ਸਾਡੇ ਦੇਸ ਦਾ ਰਾਜਾ ਸੁਰਗਵਾਸ ਹੋ ਗਿਐ। ਪਰੰਪਰਾਗਤ ਰੀਤ ਅਨੁਸਾਰ ਸਾਰੇ ਅਧਿਕਾਰੀਆਂ ਅਤੇ ਦਰਬਾਰੀਆਂ ਨੇ ਫ਼ੈਸਲਾ ਕੀਤੈ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿਚ ਵੜੇਗਾ ਉਹਨੂੰ ਰਾਜ ਸਿੰਘਾਸਣ 'ਤੇ ਬਿਠਾ ਦਿੱਤਾ ਜਾਵੇਗਾ। ਤੁਸੀਂ ਸ਼ਹਿਰ ਵਿਚ ਪ੍ਰਵੇਸ਼ ਕਰਨ ਵਾਲ਼ੇ ਪਹਿਲੇ ਪੁਰਸ਼ ਹੋ ਇਸ ਕਰਕੇ ਹੁਣ ਤੁਸੀਂ ਸਾਡੇ ਰਾਜਾ ਹੋ।" ਐਨਾ ਆਖ ਉਨ੍ਹਾਂ ਰੂਪ ਨੂੰ ਸ਼ਾਹੀ ਬਸਤਰ

ਪੰਜਾਬੀ ਲੋਕ ਗਾਥਾਵਾਂ/ 76