ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/77

ਇਹ ਸਫ਼ਾ ਪ੍ਰਮਾਣਿਤ ਹੈ

ਪੁਜ ਚੁੱਕੇ ਸਨ... ਉਨ੍ਹਾਂ ਦੇ ਆਪਣੇ ਸ਼ੌਕ ਸਨ- ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਤੇ ਬਸੰਤ ਕਬੂਤਰ ਉਡਾਣ ਦਾ ਸ਼ੌਕੀ ਸੀ। ਅੱਲੜ੍ਹ ਜਵਾਨੀ ਆਪਣੇ ਸ਼ੌਕਾਂ 'ਚ ਮਸਤ ਸੀ। ਖੜਗ ਸੈਨ ਨੂੰ ਰਾਜ ਦਰਬਾਰ ਦੇ ਕੰਮਾਂ-ਕਾਜਾਂ ਤੋਂ ਵਿਹਲ ਨਹੀਂ ਸੀ ਮਿਲਦੀ। ਇਨ੍ਹਾਂ ਰੁਝੇਵਿਆਂ ਕਰਕੇ ਉਹ ਰਾਣੀ ਦੇ ਵਿਯੋਗ ਨੂੰ ਭੁੱਲਣ ਲੱਗੇ।
ਖੜਗ ਸੈਨ ਨੂੰ ਆਪਣੀ ਰਾਣੀ ਰੂਪਵਤੀ ਨਾਲ਼ ਬਹੁਤ ਮੁਹੱਬਤ ਸੀ। ਉਹਦੇ ਵਿਛੋੜੇ ਦਾ ਉਹਦੇ ਮਨ ਅਤੇ ਸਰੀਰ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ। ਖੜਗ ਸੈਨ ਰਾਜ ਦਰਬਾਰ ਵਿਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਉਹਨੂੰ ਡੋਬੂ ਪੈਣ ਲੱਗ ਜਾਂਦੇ- ਰਾਣੀ ਬਿਨਾਂ ਸੁੰਨਾ ਮਹਿਲ ਵੱਢ ਖਾਣ ਨੂੰ ਆਉਂਦਾ। ਦੋ ਢਾਈ ਵਰ੍ਹੇ ਇਸੇ ਅਵਸਥਾ ਵਿਚ ਲੰਘ ਗਏ। ਆਖ਼ਰ ਉਹਦੇ ਅਮੀਰਾਂ-ਵਜ਼ੀਰਾਂ ਨੇ ਉਹਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ। ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਾਟਾ! ਸੰਗਲਾਦੀਪ ਦੇ ਰਾਜਪੂਤ ਸਰਦਾਰ ਇੰਦਰ ਸੈਨ ਨੇ ਆਪਣੀ ਸੋਲਾਂ ਸਤਾਰਾਂ ਵਰ੍ਹੇ ਦੀ ਪਰੀਆਂ ਵਰਗੀ ਮਲੂਕ ਧੀ ਚੰਦਰਵਤੀ ਅਧਖੜ ਉਮਰ ਦੇ ਰਾਜਾ ਖੜਗ ਸੈਨ ਨਾਲ਼ ਵਿਆਹ ਦਿੱਤੀ! ਮਹਿਲਾਂ ਵਿਚ ਮੁੜ ਰੌਣਕਾਂ ਆ ਗਈਆਂ।
ਚੰਦਰਵਤੀ ਦੀ ਮਹਿਕਾਂ ਭਰੀ ਜਵਾਨੀ ਨੇ ਅਧਖੜ ਉਮਰ ਦੇ ਖੜਗ ਸੈਨ ਨੂੰ ਕੀਲ ਲਿਆ... ਮਾਂਗਵੀਂ ਜਵਾਨੀ ਨੂੰ ਉਹ ਭਲਾ ਕਿੰਨਾ ਕੁ ਸਮਾਂ ਹੰਢਾਉਂਦਾ। ਚੰਦਰਵਤੀ ਦੀ ਜਵਾਨੀ ਉਹਦੇ ਮਖ਼ਮਲੀ ਤੇ ਰੇਸ਼ਮੀ ਕਪੜਿਆਂ ਵਿਚ ਮਿਆਉਂਦੀ ਨਹੀਂ ਸੀ ਤੇ ਨਾ ਹੀ ਉਹਦਾ ਅਧਖੜ ਉਮਰ ਦਾ ਪਤੀ ਉਹਦੀਆਂ ਅੰਦਰੂਨੀ ਭਾਵਿਕ ਤੇ ਕਾਮੁਕ ਭਾਵਨਾਵਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰੱਥ ਸੀ... ਹੀਰੇ ਜਵਾਹਰਾਤ ਤੇ ਹਾਰ ਸ਼ਿੰਗਾਰ ਉਹਦੀ ਭਾਵੁਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸੀ ਕਰ ਰਹੇ। ਜਦੋਂ ਕਦੀ ਉਹ ਆਪਣੇ ਸੌਂਕਣ ਦੇ ਪੁੱਤਰਾਂ ਰੂਪ ਤੇ ਬਸੰਤ ਵਲ ਵੇਖਦੀ ਤਾਂ ਇਕ ਅਗੰਮੀ ਖੁਸ਼ੀ ਉਹਦੇ ਅੰਦਰ ਝਰਨਾਟਾਂ ਛੇੜ ਦੇਂਦੀ.. ਰੂਪ ਤੇ ਬਸੰਤ ਲੋਹੜੇ ਦੇ ਹੁਸੀਨ ਸਨ ਤੇ ਅਜੇ ਜਵਾਨੀ ਦੀਆਂ ਬਰੂਹਾਂ 'ਤੇ ਕਦਮ ਰੱਖ ਰਹੇ ਸਨ... ਉਹਦਾ ਦਿਲ ਕਰਦਾ ਉਹ ਉਨ੍ਹਾਂ ਨਾਲ਼ ਹੱਸੇ, ਖੇਡੇ, ਅਠਖੇਲੀਆਂ ਕਰੇ ... ਉਹਦੇ ਅੰਦਰ ਇਕ ਖਾਹਸ਼ ਬੜੀ ਤੀਬਰਤਾ ਨਾਲ਼ ਮਚਲ ਰਹੀ ਸੀ ਜਿਹੜੀ ਉਸ ਨੂੰ ਸਦੀਵੀਂ ਖ਼ੁਸ਼ੀ ਤੇ ਸੰਤੁਸ਼ਟਤਾ ਪ੍ਰਦਾਨ ਕਰ ਸਕਦੀ ਸੀ।
ਇਕ ਦਿਨ ਕੀ ਹੋਇਆ ਖੜਗ ਸੈਨ ਆਪਣੇ ਰਾਜ ਦਰਬਾਰ ਵਿਚ ਗਿਆ ਹੋਇਆ ਸੀ ਤੇ ਚੰਦਰਵਤੀ ਕੱਲਮ ਕੱਲੀ ਆਪਣੇ ਮਹਿਲ ਦੀ ਖਿੜਕੀ ਵਿਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਣ ਰਹੀ ਸੀ। ਬਸੰਤ ਆਪਣੇ ਕਬੂਤਰਾਂ ਨਾਲ਼ ਖੇਡ ਰਿਹਾ ਸੀ ਕਿ ਇਕ ਚੀਨਾ ਕਬੂਤਰ ਉਡ ਕੇ ਚੰਦਰਵਤੀ ਦੀ ਬਾਰੀ ਵਿਚ ਆਣ ਵੜਿਆ ਜਿਸ ਨੂੰ ਉਸ ਨੇ ਮਲਕੜੇ ਜਿਹੇ ਫੜ ਕੇ ਇਕ ਟੋਕਰੀ ਥੱਲੇ ਲਕੋ ਦਿੱਤਾ।
ਬਸੰਤ ਮਹਿਲ ਵਿਚ ਆਇਆ। ਉਸ ਨੂੰ ਵੇਖ ਕੇ ਚੰਦਰਵਤੀ ਗੁਲਾਬ ਦੇ

ਪੰਜਾਬੀ ਲੋਕ ਗਾਥਾਵਾਂ/ 73