ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਆਖ਼ਰ ਇਕ ਦਿਨ ਸਬੱਬ ਬਣ ਹੀ ਗਿਆ। ਪਿੰਡ ਵਿਚ ਗਾਉਣ ਲੱਗਿਆ ਹੋਇਆ ਸੀ। ਘੁੱਕਰ ਹੋਰੀਂ ਸ਼ਰਾਬ ਵਿਚ ਮਸਤ ਹੋਏ ਚਾਂਭੜਾਂ ਪਾ ਰਹੇ ਸਨ। ਸੁੱਚਾ ਅਖਾੜੇ ਵਿਚ ਖੇਸ ਦੀ ਬੁੱਕਲ ਮਾਰ ਰਾਈਫ਼ਲ ਲਕੋਈ ਬੈਠਾ ਸੀ। ਬੱਕਰੇ ਬੁਲਾਉਂਦੇ ਘੁੱਕਰ ਨੂੰ ਵੇਖਦੇ ਸਾਰ ਹੀ ਸੁੱਚੇ ਨੇ ਖੇਸੀ ਪਰ੍ਹੇ ਵਗਾਹ ਮਾਰੀ ਤੇ ਰਾਈਫ਼ਲ ਨਾਲ਼ ਫ਼ਾਇਰ ਕਰ ਦਿੱਤਾ। ਅਖਾੜੇ ਵਿਚ ਹਫ਼ੜਾ-ਦਫ਼ੜੀ ਪੈ ਗਈ ਤੇ ਉਹਨੇ ਘੁੱਕਰ ਨੂੰ ਜਾ ਘੇਰਿਆ:

ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ
ਸੂਰਮਾ ਸਦਾਮੇਂ ਅੱਖਾਂ ਪਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ
ਲਾਲ ਸੂਹਾ ਹੋ ਗਿਆ ਸੂਰਮਾ ਹਰਖ ਕੇ
ਮੋਢੇ ਨਾਲ਼ ਲਾਵੇ ਚੱਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ਼ ਭਰੇ ਮੈਗਜ਼ੀਨ ਨੂੰ
ਮੱਲ ਵੰਨੀ ਛੱਡੇ ਜੋੜ ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ
ਰਜਬ ਅਲੀ ਘੜੀ ਵਿਚ ਉੜਾਤੀ ਗਰਦ ਐ
ਆਖ਼ਰ ਸ਼ਰਮ ਜੀਹਦੇ ਜਾਣੋ ਮਰਦ ਐ
(ਰਜਬ ਅਲੀ)

ਘੁੱਕਰ ਮੱਲ ਨੂੰ ਗੋਲੀਆਂ ਨਾਲ਼ ਭੁੰਨ ਕੇ ਸੁੱਚੇ ਨੇ ਭਾਗ ਨੂੰ ਆ ਘੇਰਿਆ ਤੇ ਉਸ ਦੇ ਗੋਲੀ ਮਾਰ ਦਿੱਤੀ। ਇਸ ਮਗਰੋਂ ਉਹਨੇ ਘਰੋਂ ਜਾ ਕੇ ਬੀਰੋ ਨੂੰ ਧੂਹ ਲਿਆਂਦਾ ਤੇ ਦੋਹਾਂ ਲੋਥਾਂ ਕੋਲ਼ ਲਿਆ ਕੇ ਉਹਨੂੰ ਵੀ ਪਾਰ ਬੁਲਾ ਦਿੱਤਾ। ਤਿੰਨਾਂ ਨੂੰ ਮਾਰਨ ਮਗਰੋਂ ਸੁੱਚਾ ਬੱਕਰੇ ਬੁਲਾਉਂਦਾ ਹੋਇਆ ਬੋਤੇ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਸਾਰੇ ਇਲਾਕੇ ਵਿਚ 'ਸੁੱਚਾ' 'ਸੁੱਚਾ' ਹੋਣ ਲੱਗੀ। ਇਕ ਪਠਾਣ ਉਹਦਾ ਪਿੱਛਾ ਕਰਦਾ ਹੋਇਆ ਆਪਣੀ ਜਾਨ ਗੰਵਾ ਬੈਠਾ। ਪੁਲਿਸ ਦੇ ਉਹ ਹੱਥ ਨਾ ਲੱਗਾ ਤੇ ਬੀਕਾਨੇਰ ਦੇ ਇਲਾਕੇ ਵਿਚ ਡਾਕੂਆਂ ਨਾਲ਼ ਜਾ ਰਲ਼ਿਆ। ਡਾਕੂ ਦੇ ਰੂਪ ਵਿਚ ਉਹਦੀ ਧਾਂਕ ਪੈ ਗਈ। ਕਈ ਰੱਜੇ ਪੁੱਜੇ ਸੂਦਖ਼ੋਰ ਸ਼ਾਹੂਕਾਰ ਉਹਨੇ ਲੁੱਟੇ। ਉਹ ਗ਼ਰੀਬ ਦਾ ਦਰਦੀ ਸੀ, ਲੁੱਟ ਦਾ ਮਾਲ ਉਹ ਗ਼ਰੀਬਾਂ ਵਿਚ ਵੰਡ ਦਿੰਦਾ। ਉਹਦੀ ਬਹਾਦਰੀ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਜਿਸ ਕਰਕੇ ਪੁਲਿਸ ਉਹਦੇ ਨਾਲ਼ ਟਾਕਰਾ ਕਰਨੋਂ ਕੰਨੀਂ ਕਤਰਾਉਂਦੀ ਸੀ। ਉਹ ਆਮ ਲੋਕਾਂ ਦੇ ਘਰੀਂ ਜਾ ਲੁਕਦਾ। ਇਕ ਦਿਲ ਉਹਨੇ ਇਕ ਮਾਈ ਦੇ ਆਖਣ 'ਤੇ ਪੰਜ ਬੁੱਚੜਾਂ ਨੂੰ ਮਾਰ ਕੇ ਕਈ ਗਊਆਂ ਦੀ ਜਾਨ

ਪੰਜਾਬੀ ਲੋਕ ਗਾਥਾਵਾਂ/ 59