ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/54

ਇਹ ਸਫ਼ਾ ਪ੍ਰਮਾਣਿਤ ਹੈ

ਇਹ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫ਼ਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿਚ ਰਹਿੰਦਾ ਸੀ। ਉਹਦਾ ਬਾਪ ਬੜਾ ਬਹਾਦਰ ਅਤੇ ਅੜ੍ਹਬ ਸੁਭਾਅ ਦਾ ਮਾਲਕ ਸੀ। ਉਹ ਮੁਗ਼ਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ- ਮਾਰ-ਧਾੜ ਕਰਨੀ ਉਨ੍ਹਾਂ ਦਾ ਮਨ ਭਾਉਂਦਾ ਸ਼ੁਗਲ ਸੀ। ਉਨ੍ਹਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿੱਚ ਸਮਝਦੇ ਤੇ ਲੁੱਟ-ਮਾਰ ਕਰਕੇ ਭਜਾ ਦਿੰਦੇ। ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਨ੍ਹਾਂ ਦੀ ਮਾਰ-ਧਾੜ ਦੀਆਂ ਖ਼ਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਨ੍ਹਾਂ ਦੋਨਾਂ ਦੀਆਂ ਮਸ਼ਕਾਂ ਬੰਨ੍ਹ ਕੇ ਦਰਬਾਰ ਵਿਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫ਼ਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੋਂ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦੁਆਰ 'ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ... ਫ਼ਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਫ਼ਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫ਼ਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ-ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ 'ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੋਹਰਾਂ ਵਾਰ-ਵਾਰ ਵੰਡ ਰਹੀ ਸੀ। ਖ਼ੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਨ੍ਹਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।
ਕੁਦਰਤ ਦੀ ਹੋਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆਂ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆਂ। ਅਕਬਰ ਨੇ ਨਜੂਮੀਆਂ ਨੂੰ ਆਖਿਆ, "ਕੋਈ ਐਸਾ ਉਪਾਅ ਦੱਸੋ ਜਿਸ ਨਾਲ਼ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫ਼ ਪਸੰਦ ਵਿਅਕਤੀ ਬਣੇ।"
ਇਕ ਨਜੂਮੀ ਨੇ ਆਖਿਆ, "ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ, ਜਿਸ ਨੇ ਸ਼ੇਖੂ ਦੇ ਜਨਮ ਵਾਲ਼ੇ ਦਿਨ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ।"
ਅਜਿਹੀ ਸੂਰਬੀਰ ਮਾਂ ਦੀ ਭਾਲ਼ ਲਈ ਸਾਰੇ ਰਾਜ ਵਿਚ ਏਲਚੀ ਭੇਜੇ ਗਏ। ਕਿਸੇ ਲੱਧੀ ਬਾਰੇ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ।

ਪੰਜਾਬੀ ਲੋਕ ਗਾਥਾਵਾਂ/ 50