ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/45

ਇਹ ਸਫ਼ਾ ਪ੍ਰਮਾਣਿਤ ਹੈ

ਵਿਕਰਮਾਜੀਤ ਦੇ ਜਾਣ ਨਾਲ਼ ਰਾਜ ਦਰਬਾਰ ਵਿਚ ਹਫੜਾ-ਦਫੜੀ ਮੱਚ ਗਈ। ਭਰਥਰੀ ਮੁਦਰਾ ਅਤੇ ਸ਼ਬਾਬ ਵਿਚ ਮਦਹੋਸ਼ ਆਪਣੀ ਰਾਣੀ ਪਿੰਗਲਾ ਨਾਲ਼ ਰੰਗਰਲੀਆਂ ਮਨਾ ਰਿਹਾ ਸੀ। ਹੁਣ ਉਸ ਨੂੰ ਟੋਕਣ ਵਾਲ਼ਾ ਵੀ ਕੋਈ ਨਹੀਂ ਸੀ ਰਿਹਾ, ਚਾਲਬਾਜ਼ ਅਤੇ ਸਾਜ਼ਸ਼ੀ ਦਰਬਾਰੀਆਂ ਦੀ ਚੜ੍ਹ ਮਚੀ ਸੀ।
ਉਜੈਨ ਵਿਚ ਹੀ ਸੋਮ ਨਾਂ ਦਾ ਇਕ ਬਾਲ ਬਚੜਦਾਰ ਵਿਦਵਾਨ ਬ੍ਰਾਹਮਣ ਰਹਿੰਦਾ ਸੀ... ਗ਼ਰੀਬੀ ਦਾ ਭੰਨਿਆ ਹੋਇਆ ਤੰਗ ਦਸਤ। ਉਹ ਸ਼ਿਵਾਂ ਦਾ ਭਗਤ ਸੀ- ਬਹੁਤ ਹੀ ਭਲਾ ਪੁਰਸ਼। ਇਕ ਦਿਨ ਕੀ ਹੋਇਆ ਇਕ ਮਹਾਂਪੁਰਸ਼ ਉਹਦੇ ਕੋਲ਼ ਆਇਆ ਤੇ ਉਹਨੂੰ ਇਕ ਫ਼ਲ ਦੇ ਕੇ ਆਖਿਆ, "ਭਗਤਾ! ਇਹ ਅੰਮ੍ਰਿਤ ਫ਼ਲ ਐ ਜਿਹੜਾ ਵੀ ਇਸ ਨੂੰ ਖਾਵੇਗਾ, ਬਿਰਧ ਨਹੀਂ ਹੋਵੇਗਾ।" ਫ਼ਲ ਦੇ ਕੇ ਮਹਾਂਪੁਰਸ਼ ਚਲਿਆ ਗਿਆ।
ਵਿਦਵਾਨ ਪੰਡਿਤ ਸੋਮ ਨੇ ਸੋਚਿਆ- ਉਸ ਨੇ ਦੁੱਖਾਂ-ਦਲਿਦਰਾਂ ਨਾਲ਼ ਭਰਿਆ ਜੀਵਨ ਜੀ ਕੇ ਭਲਾ ਕੀ ਲੈਣਾ ਹੈ ਕਿਉਂ ਨਾ ਉਹ ਇਹ ਫ਼ਲ ਪਰਜਾ ਪਾਲਕ ਰਾਜਾ ਭਰਥਰੀ ਨੂੰ ਭੇਟ ਕਰ ਆਵੇ। ਆਪਣੇ ਮਨ ਨਾਲ਼ ਨਿਰਣਾ ਕਰਕੇ ਸੋਮ ਫ਼ਲ ਨੂੰ ਰੁਮਾਲ ਵਿਚ ਲਪੇਟ ਕੇ ਭਰਥਰੀ ਦੇ ਦਰਬਾਰ ਵਿਚ ਜਾ ਹਾਜ਼ਰ ਹੋਇਆ ਤੇ ਇਹ ਫ਼ਲ ਉਸ ਦੇ ਚਰਨਾਂ ਵਿਚ ਭੇਟ ਕਰਕੇ ਬੋਲਿਆ, "ਮਹਾਰਾਜ ਦੀ ਜੈ ਹੋਵੇ। ਰਾਜਨ ਇਹ ਅੰਮ੍ਰਿਤ ਫ਼ਲ ਹੈ ਜੋ ਵੀ ਇਸ ਨੂੰ ਖਾਵੇਗਾ ਕਦੀ ਬੁੱਢਾ ਨਹੀਂ ਹੋਵੇਗਾ। ਸਵੀਕਾਰ ਕਰੋ ਮਹਾਰਾਜ।"
ਭਰਥਰੀ ਨੇ ਪੰਡਿਤ ਵਲੋਂ ਭੇਟ ਕੀਤੀ ਸੁਗਾਤ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰ ਲਈ ਤੇ ਉਸ ਨੂੰ ਬਹੁਤ ਸਾਰੀ ਦਖਸ਼ਣਾ ਦੇ ਕੇ ਵਿਦਾ ਕਰ ਦਿੱਤਾ
ਭਰਥਰੀ ਆਪਣੇ ਪ੍ਰਾਣਾਂ ਨਾਲ਼ੋਂ ਵੀ ਵਧ ਪਿੰਗਲਾ ਨੂੰ ਪਿਆਰ ਕਰਦਾ ਸੀ। ਉਹਨੇ ਰਾਜ ਮਹਿਲਾਂ ਵਿਚ ਆ ਕੇ ਅੰਮ੍ਰਿਤ ਫ਼ਲ ਦੀ ਖਾਸੀਅਤ ਦੱਸਦਿਆਂ ਇਹ ਫ਼ਲ ਪਿੰਗਲਾ ਨੂੰ ਫੜਾ ਕੇ ਕਿਹਾ ਕਿ ਉਹ ਹੁਣੇ ਹੀ ਇਸ ਨੂੰ ਖਾ ਲਵੇ। ਉਸ ਨੇ ਫ਼ਲ ਨੂੰ ਨਿਹਾਰਦਿਆਂ ਇਕ ਪਲ ਸੋਚਿਆ ਤੇ ਚਹਿਕ ਕੇ ਬੋਲੀ, "ਮਹਾਰਾਜ! ਐਨੇ ਉਤਾਵਲੇ ਕਿਉਂ ਹੁੰਦੇ ਹੋ... ਹੁਣੇ ਹੀ ਖਾ ਲਵਾਂਗੀ ਪਹਿਲਾਂ ਤੁਸੀਂ ਕੁਝ ਤਿਲ ਫੁਲ ਸਵੀਕਾਰ ਕਰੋ।" ਐਨਾ ਆਖ ਕੇ ਉਸ ਨੇ ਮਦਰਾ ਦੀ ਪਿਆਲੀ ਰਾਜੇ ਦੇ ਬੁੱਲ੍ਹਾਂ ਨੂੰ ਛੁਹਾ ਦਿੱਤੀ ਤੇ ਫ਼ਲ ਨੂੰ ਸੰਭਾਲ ਕੇ ਰੱਖ ਲਿਆ ਤੇ ਰਾਜੇ ਨੂੰ ਆਪਣੇ ਚੋਹਲਾਂ ਨਾਲ਼ ਰਿਝਾਉਣ ਲੱਗ ਪਈ।
ਸਵੇਰ ਹੋਈ, ਭਰਥਰੀ ਨਿੱਤ ਵਾਂਗ ਆਪਣੇ ਰਾਜ ਦਰਬਾਰ ਵਿਚ ਚਲਿਆ ਗਿਆ। ਰਾਜੇ ਦੇ ਜਾਣ ਮਗਰੋਂ ਮਹਾਵਤ ਰਾਜ ਮਹਿਲਾਂ ਵਿਚ ਪੁੱਜ ਗਿਆ। ਇਹ ਉਹਦੀ ਨਿੱਤ ਦੀ ਕਾਰ ਸੀ- ਪ੍ਰੇਮ ਕ੍ਰੀੜਾ ਵਿਚ ਮਹਿਵ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਦਾ ਮੁੱਖ ਦੇਖੇ ਬਿਨਾਂ ਚੈਨ ਨਹੀਂ ਸੀ ਆਉਂਦਾ। ਪਿੰਗਲਾ ਅੰਦਰੋਂ ਰਾਜੇ ਵਲੋਂ ਦਿੱਤਾ

ਪੰਜਾਬੀ ਲੋਕ ਗਾਥਾਵਾਂ/ 41