ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਇਕ ਹੋਰ ਪੁਸਤਕ 'ਮਹਿਕ ਪੰਜਾਬ ਦੀ' ਪੰਜਾਬ ਦੇ ਕਿਰਸਾਨੀ ਜੀਵਨ ਦੀ ਦਸਤਾਵੇਜ਼ੀ ਤਸਵੀਰ ਹੈ। ਇਸ ਜੀਵਨ ਨਾਲ਼ ਸਬੰਧਿਤ ਲੋਕ-ਗੀਤ, ਮੁਹਾਵਰੇ, ਅਖਾਣਾਂ, ਟੋਟਕੇ, ਦੰਤ-ਕਥਾਵਾਂ, ਰੂੜ੍ਹੀਆਂ ਆਦਿ ਦਾ ਵਿਸਤ੍ਰਿਤ ਇੰਦਰਾਜ਼ ਹੈ। ਇਸੇ ਤਰ੍ਹਾਂ ਉਸ ਦੀ 'ਪੰਜਾਬ ਦੇ ਲੋਕ ਨਾਇਕ' ਪੁਸਤਕ ਦੀ ਆਪਣੀ ਸਾਰਥਿਕਤਾ ਤੇ ਮਹੱਤਤਾ ਹੈ। ਮੱਧਕਾਲ ਵਿਚ ਕਿੱਸਿਆਂ, ਵਾਰਾਂ ਤੇ ਜੰਗਨਾਮਿਆਂ ਦੇ ਬਿਰਤਾਂਤ-ਕਾਵਿ ਰਾਹੀਂ ਪੰਜਾਬੀ ਲੋਕ-ਮਾਨਸ ਵਿਚ ਵੱਸੇ, ਰਸੇ ਤੇ ਰਚੇ ਨਾਇਕਾਂ ਦੀ, ਮਾਦਪੁਰੀ ਨੇ ਵਾਰਤਿਕ ਵਿਚ ਪੇਸ਼ ਕਰਕੇ, ਆਧੁਨਿਕ ਦੌਰ ਦੀ ਨਸਲ ਤਕ ਰਸਾਈ ਕਰਾਈ ਹੈ। ਰੋਡਾ-ਜਲਾਲੀ, ਕਾਕਾ-ਪਰਤਾਪੀ, ਇੰਦਰ-ਬੇਗੋ ਤੇ ਸੋਹਣਾ-ਜ਼ੈਨੀ ਵਰਗੇ ਰੁਮਾਂਸ ਦੇ ਲੋਕ-ਨਾਇਕਾਂ ਨੂੰ ਕਿੱਸਿਆਂ ਵਿਚੋਂ ਕੱਢ ਕੇ ਪਹਿਲੀ ਵਾਰ ਉਸ ਨੇ ਪਦ ਤੋਂ ਗੱਦ ਵਿਚ ਲਿਆਂਦਾ। 'ਪੰਜਾਬੀ ਸਭਿਆਚਾਰ ਦੀ ਆਰਸੀ' ਉਸ ਦੀ ਉਹ ਦਸਤਾਵੇਜ਼ੀ ਪੁਸਤਕ ਹੈ, ਜੋ ਪੰਜਾਬੀ ਲੋਕਧਾਰਾ ਦਾ ਪ੍ਰਿਜ਼ਮ ਹੈ। ਪੰਜਾਬੀ ਲੋਕਧਾਰਾ ਦੇ ਵਿਭਿੰਨ ਪੱਖਾਂ ਲੋਕ-ਸਾਹਿਤ, ਲੋਕ-ਕਲਾਵਾਂ, ਅਨੁਸ਼ਠਾਨ, ਲੋਕ-ਵਿਸ਼ਵਾਸ, ਲੋਕ-ਵਿਰਾਸਤ ਆਦਿ ਸਬੰਧੀ ਪ੍ਰਮਾਣਿਕ ਤੇ ਪ੍ਰਵਾਨਿਤ ਤੱਥ ਅਤੇ ਵਿਚਾਰ ਪ੍ਰਸਤੁਤ ਕੀਤੇ ਹਨ। 'ਲੋਕ ਸਿਆਣਪਾਂ' ਉਸ ਦੀ ਸ਼ਾਇਦ ਇਕੋ ਇਕ ਪੰਜਾਬੀ ਪੁਸਤਕ ਹੈ, ਜਿਹੜੀ ਪੰਜਾਬੀ ਪਰੰਪਰਿਕ ਸੂਝ ਦੇ ਵਿਭਿੰਨ ਰੂਪਾਂ ਨੂੰ ਇਕ ਥਾਂ ਇਕੱਠੇ ਕਰਕੇ ਸਾਡੀ ਨਜ਼ਰ ਕਰਦੀ ਹੈ। ਇੰਜ ਸੁਖਦੇਵ ਮਾਦਪੁਰੀ ਪੰਜਾਬੀ ਦੇ ਵਿਸ਼ਾਲ ਚਿੱਤਰਪਟ ਉਤੇ ਫੈਲੀ ਸਾਡੀ ਸੰਸਕ੍ਰਿਤੀ ਦੇ ਬੱਝਵੇਂ ਤੇ ਠੋਸ ਬਿੰਬਾਂ ਨੂੰ ਦ੍ਰਿਸ਼ਟੀਗੋਚਰ ਕਰਾਉਂਦਾ ਹੈ।
ਪੰਜਾਬੀ ਲੋਕਧਾਰਾ ਦੇ ਅਕਾਸ਼ ਵਿਚ ਧਰੂ-ਤਾਰੇ ਵਾਂਗ ਦ੍ਰਿਸ਼ਟੀਮਾਨ ਸੁਖਦੇਵ ਮਾਦਪੁਰੀ ਨੇ ਬਾਲ-ਬੋਧ ਦੀ ਪੱਧਰ ਦੇ ਸਾਹਿਤ ਨੂੰ ਸੰਭਾਲਣ, ਇਕੱਤਰ ਕਰਨ ਤੇ ਪਰੋਸਣ ਵਿਚ ਵੀ ਢੇਰ ਯੋਗਦਾਨ ਪਾਇਆ ਹੈ। ਬਾਲ ਸਾਹਿਤ ਨੂੰ ਸਮਰਪਿਤ ਉਸ ਨੇ 7 ਪੁਸਤਕਾਂ ਲਿਖੀਆਂ ਹਨ। 'ਜਾਦੂ ਦਾ ਸ਼ੀਸ਼ਾ', 'ਕੇਸੂ ਦੇ ਫੁੱਲ', 'ਸੋਨੇ ਦਾ ਬੱਕਰਾ', 'ਬਾਲ ਕਹਾਣੀਆਂ', 'ਆਉ ਗਾਈਏ', 'ਮਹਾਂਬਲੀ ਰਣਜੀਤ ਸਿੰਘ' ਤੇ 'ਨੇਕੀ ਦਾ ਫ਼ਲ' ਇਸ ਪ੍ਰਸੰਗ ਵਿਚ ਇਥੇ ਜ਼ਿਕਰਯੋਗ ਹਨ। ਉਸ ਦੇ ਪ੍ਰੇਰਨਾ ਸਰੋਤ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਲੋਂ ਪ੍ਰਕਾਸ਼ਿਤ 'ਬਾਲ ਦਰਬਾਰ' ਦੇ ਸੰਪਾਦਕ ਅਜਾਇਬ ਚਿੱਤਰਕਾਰ ਤੇ 'ਬਾਲ ਸੰਦੇਸ਼' ਦੇ ਸੰਪਾਦਕ ਨਵਤੇਜ ਸਿੰਘ ਬਾਲ-ਸਾਹਿਤ ਵਿਚ ਕੋਈ ਹਸਤਾਖ਼ਤਰ ਨਾ ਬਣ ਸਕੇ ਪਰ ਮਾਦਪੁਰੀ ਇਤਿਹਾਸਕ ਜਗ੍ਹਾ ਰੱਖਦਾ ਹੈ। 'ਸੀਨੇ ਖਿੱਚ ਜਿਹਨਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ' ਮੁਤਾਬਕ ਮਾਦਪੁਰੀ ਨੂੰ ਜਦੋਂ ਵੀ ਕਦੇ ਇਸ ਖਿੱਚ ਨੇ ਤੰਗ ਕੀਤਾ ਤਾਂ ਅਨੁਵਾਦ ਦਾ ਰੁਝੇਂਵਾ ਫੜ ਲਿਆ। ਇਸ ਰੁਝੇਵੇਂ ਦੀ ਉਪਜ ਹਨ, ਉਸ ਦੀਆਂ ਤਿੰਨ ਪੁਸਤਕਾਂ: 'ਵਰਖਾ ਦੀ ਉਡੀਕ', 'ਟੋਢਾ ਤੇ ਟਾਹਰ' ਅਤੇ 'ਤਿਤਲੀ ਤੇ ਸੂਰਜ ਮੁਖੀਆਂ।' 35

ਪੰਜਾਬੀ ਲੋਕ ਗਾਥਾਵਾਂ/ 17