ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/150

ਇਹ ਸਫ਼ਾ ਪ੍ਰਮਾਣਿਤ ਹੈ

ਦਿੱਤੀ। ਲਾਟਾਂ ਅਸਮਾਨਾਂ ਨੂੰ ਛੂਹਣ ਲੱਗੀਆਂ।
ਮੁਟਿਆਰਾਂ ਦੀ ਟੋਲੀ ਸਹਿਮੀ-ਸਹਿਮੀ, ਘਬਰਾਈ-ਘਬਰਾਈ ਓਥੋਂ ਖਿਸਕ ਤੁਰੀ! ਉਹ ਇਹ ਨਹੀਂ ਸਨ ਜਾਣਦੀਆਂ ਕਿ ਉਨ੍ਹਾਂ ਦਾ ਨਿੱਕਾ ਜਿਹਾ ਮਖ਼ੌਲ ਇਹ ਕੁਝ ਕਰ ਗੁਜ਼ਰੇਗਾ।
ਸਾਰਾ ਬਾਜ਼ਾਰ ਅੱਗ ਬੁਝਾਉਣ ਵਿਚ ਰੁਝਿਆ ਹੋਇਆ ਸੀ। ਏਧਰ ਇੰਦਰ ਬੇਗੋ ਨੂੰ ਲਭਦਾ ਪਿਆ ਸੀ। ਉਹ ਕਿਧਰੇ ਨਜ਼ਰ ਨਹੀਂ ਸੀ ਆਂਦੀ ਪਈ। ਉਹ ਤਾਂ ਉਹਦਾ ਸਭ ਕੁਝ ਖਸ ਕੇ ਲੈ ਗਈ ਸੀ। ਉਹ ਪਾਗ਼ਲਾਂ ਵਾਂਗ ਬੇਗੋ-ਬੇਗੋ ਕੂਕਦਾ ਬੇਗੋ ਦੀ ਭਾਲ਼ ਵਿਚ ਨਸ ਟੁਰਿਆ।
ਬੇਗੋ ਹੋਰੀਂ ਆਪਣੇ ਪਿੰਡ ਨੂੰ ਮੁੜ ਆਈਆਂ। ਇੰਦਰ ਹਾਲੋਂ-ਬੇਹਾਲ ਹੋਇਆ ਉਨ੍ਹਾਂ ਦੇ ਮਗਰ ਰਾਵੀ ਦੇ ਪੁਲ 'ਤੇ ਜਾ ਪੁੱਜਾ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, "ਬੇਗੋ ਤੂੰ ਮੈਨੂੰ ਛੱਡ ਕੇ ਕਿੱਧਰ ਨੂੰ ਟੁਰ ਪਈ ਸੈਂ! ਮੈਂ ਤੇਰੇ ਬਿਨਾਂ ਕੱਲਾ ਕਿਵੇਂ ਰਹਿ ਸਕਦਾ ਹਾਂ। ਮੈਂ ਹੁਣ ਤੇਰੇ ਨਾਲ਼ ਹੀ ਚੱਲਾਂਗਾ, ਤੇਰੀ ਚਾਕਰੀ ਕਰਾਂਗਾ।"
ਮੁਟਿਆਰਾਂ ਨੂੰ ਹੁਣ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ।
"ਇੰਦਰਾ ਪਿਛਾਂਹ ਮੁੜ ਜਾ, ਸਾਡੇ ਮਗਰ ਨਾ ਆਈਂ। ਬੇਗੋ ਦੇ ਬਾਪ ਨੂੰ ਤੂੰ ਨਹੀਂ ਜਾਣਦਾ- ਤੇਰੇ ਟੋਟੇ-ਟੋਟੇ ਕਰ ਕੇ ਉਹਨੇ ਸਾਹ ਲੈਣੈ!" ਬਲਾਸੋ ਨੇ ਡਰਾਵਾ ਦਿੱਤਾ।
ਪਰੰਤੂ ਇੰਦਰ ਤਾਂ ਆਪਣੇ ਆਪ ਨੂੰ ਬੇਗੋ ਦੇ ਹਵਾਲੇ ਕਰ ਚੁੱਕਾ ਸੀ। ਇਕ ਬੇਗੋ ਸੀ ਜੀਹਦੇ ਹਿਰਦੇ ਵਿਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ। ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੇ ਤਸੀਹੇ ਝੱਲਣ ਲਈ ਤਿਆਰ ਸੀ:

ਬੇਗੋ ਮਾਰੇ ਜੁੱਤੀਆਂ, ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ, ਆਰੇ ਨਾਲ਼ ਚੀਰ ਦੇ।
ਮਹੀਂਵਾਲ ਸੋਹਣੀ ਪਿੱਛੇ, ਮਹੀਂਵਾਲ ਬਣਿਆ ਸੀ
ਕੰਨ ਪੜਵਾਏ ਰਾਂਝੇ, ਪਿੱਛੇ ਜੱਟੀ ਹੀਰ ਦੇ।
ਲੁਹਾਰ ਫਰਿਹਾਦ, ਤੇਸਾ ਮਾਰ ਮੋਇਆ ਪੇਟ ਵਿਚ
ਰੁੜ੍ਹੀ ਆਵੇ ਲੋਥ, ਵਿਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ਼ ਜਾਊਂ, ਕਹੇ ਇੰਦਰ ਨਰੈਣ ਸਿੰਘਾ
ਟੋਟੇ ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।(ਨਰੈਣ ਸਿੰਘ)

ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਲਹਿਲਹਾਉਂਦੇ ਪਾਣੀ ਵਿਚ ਕੇਸਰ ਘੋਲ ਰਹੀਆਂ ਸਨ। ਚਹਿਚਹਾਂਦੇ ਪੰਛੀ ਆਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ

ਪੰਜਾਬੀ ਲੋਕ ਗਾਥਾਵਾਂ/ 146