ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/147

ਇਹ ਸਫ਼ਾ ਪ੍ਰਮਾਣਿਤ ਹੈ

ਇੰਦਰ ਬੇਗੋ

'ਇੰਦਰ ਬੇਗੋ' ਲਾਹੌਰ ਦੇ ਇਲਾਕੇ ਦੀ ਹਰਮਨ ਪਿਆਰੀ ਸੱਚੀ ਪ੍ਰੀਤ ਕਥਾ ਹੈ ਜਿਸ ਨੂੰ ਨਰੈਣ ਸਿੰਘ, ਪੂਰਨ ਰਾਮ ਅਤੇ ਛੱਜੂ ਸਿੰਘ ਨੇ ਆਪਣੇ-ਆਪਣੇ ਕਿੱਸਿਆਂ ਵਿਚ ਬੜੇ ਪਿਆਰੇ ਅੰਦਾਜ਼ ਵਿਚ ਬਿਆਨ ਕੀਤਾ ਹੈ। ਇਸ ਕਥਾ ਦੀ ਵਿਸ਼ੇਸ਼ ਖ਼ੂਬੀ ਇਹ ਹੈ ਕਿ ਇਹ ਇਕੋ ਦਿਨ ਵਿਚ ਵਾਪਰਦੀ ਹੈ।
ਲਾਹੌਰ ਦੇ ਲਾਗੇ ਘੁਗ ਵਸਦੇ ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਪਿੰਡ ਦੇ ਮਨਚਲੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਉਹਨੂੰ ਬੜੇ ਲਾਡ ਨਾਲ਼ ਪਾਲ਼ਿਆ। ਜਿਧਰੋਂ ਵੀ ਬੇਗੋ ਲੰਘਦੀ, ਗੱਭਰੂ ਦਿਲ ਫੜ ਕੇ ਬੈਠ ਜਾਂਦੇ, ਇਕ ਆਹ ਸੀਨਿਓਂ ਪਾਰ ਹੋ ਜਾਂਦੀ। ਉਹਦੀ ਲਟਬੌਰੀ ਚਾਲ, ਉਹਦਾ ਮਘਦਾ ਹੁਸਨ ਗੱਭਰੂਆਂ ਦੇ ਦਿਲਾਂ ਨੂੰ ਧੜਕਾ ਦੇਂਦਾ। ਕਈ ਹੁਸੀਨ ਸੁਪਨੇ ਉਨ੍ਹਾਂ ਦੇ ਮਨਾਂ ਵਿਚ ਉਣੇ ਜਾਂਦੇ। ਹਰ ਕੋਈ ਬੇਗੋ ਦੇ ਹੁਸਨ ਦੀ ਸਿਫ਼ਤ ਕਰਦਾ ਨਾ ਥੱਕਦਾ:

ਨਾਲ਼ ਮੜਕ ਦੇ ਤੁਰਦੀ ਬੋਗੋ
ਤੁਰਦੀ ਜਿਉਂ ਮੁਰਗਾਬੀ
ਰੇਬ ਪਜਾਮਾ ਪੱਟੀਂ ਸੋਂਹਦਾ
ਪੈਰਾਂ ਵਿਚ ਰਕਾਬੀ
ਨਾਲ਼ ਹੁਸਨ ਦੇ ਕਰੇ ਉਜਾਲਾ
ਮਚਦੀ ਜਿਵੇਂ ਮਤਾਬੀ
ਇਸ਼ਕ ਬਲੀ ਦੀਆਂ ਚੜ੍ਹੀਆਂ ਲੋਰਾਂ
ਝੂਲੇ ਵਾਂਗ ਸ਼ਰਾਬੀ
ਮੁਖੜਾ ਬੇਗੋ ਦਾ-
ਖਿੜਿਆ ਫੁਲ ਗੁਲਾਬੀ

ਇਕ ਦਿਨ ਬੇਗੋ ਨੂੰ ਫੁਲਕਾਰੀ ਕੱਢਣ ਲਈ ਪੱਟ ਦੀ ਲੋੜ ਪੈ ਗਈ। ਉਹਨੇ ਪਿੰਡ ਦੀਆਂ ਸਾਰੀਆਂ ਹੱਟੀਆਂ ਗਾਹ ਮਾਰੀਆਂ ਪਰ ਉਹਨੂੰ ਪਟ ਕਿਧਰੋਂ ਵੀ ਨਾ ਮਿਲਿਆ। ਕਿਸੇ ਮਨਚਲੀ ਨੇ ਪੱਟ ਲੈਣ ਦੇ ਬਹਾਨੇ ਲਾਹੌਰ ਵੇਖਣ ਲਈ ਰਾਏ

ਪੰਜਾਬੀ ਲੋਕ ਗਾਥਾਵਾਂ/ 143