ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/133

ਇਹ ਸਫ਼ਾ ਪ੍ਰਮਾਣਿਤ ਹੈ

ਸੀ। ਹਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜ੍ਹੀ ਦੂਰ ਹੀ ਗਈਆਂ ਸਨ ਕਿ ਬਾਰਸ਼ ਦਾ ਛਰਾਟਾ ਇਕਦਮ ਆ ਗਿਆ। ਹਰਨੀਆਂ ਦੀ ਡਾਰ ਵਿਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਸੁੰਨੇ ਕੋਠੇ ਵਿਚ ਜਾ ਵੜੀਆਂ। ਭੋਲੀ ਨੇ ਏਧਰ ਓਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭੋਰਦੀ ਪਈ ਸੀ ਪਰ ਬਾਹਰੋਂ:

ਆਖੇ ਪਰਤਾਪੀ ਨੀ ਤੂੰ ਭੋਲੀਏ ਮਖ਼ੋਲ ਕਰੇਂ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ
ਜਾਤ ਦੀ ਕਮੀਨਣੀ, ਅਧੀਨਣੀ, ਗ਼ਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈਂ ਪੁੱਤ ਜ਼ੈਲਦਾਰ ਦਾ
ਜੱਟਾਂ ਨਾਲ਼ ਦੋਸਤੀ ਨਾ ਪੁੱਗਦੀ ਕਮੀਣਾਂ ਦੀ ਨੀ
ਖੇਤ-ਬੰਨੇ, ਬੀਹੀ-ਗਲ਼ੀ ਦੇਖ ਨੀ ਖੁੰਗਾਰਦਾ
ਮੇਰੇ ਨਾ ਪਸੰਦ ਤੇਰੀ ਗੱਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀ ਹੰਕਾਰਦਾ

ਦੱਬੇ ਭਾਂਬੜ ਭਲਾ ਕਦ ਤੀਕਰ ਦਬਾਏ ਜਾ ਸਕਦੇ ਹਨ। ਆਖ਼ਰ ਜਵਾਲਾ ਫੁੱਟ ਪੈਂਦੀ ਹੈ। ਪਰਤਾਪੀ ਭੋਲੀ ਅੱਗੇ ਆਪਣੇ ਮਨ ਦੀ ਵੇਦਨਾ ਦਾ ਇਜ਼ਹਾਰ ਕਰ ਦੇਂਦੀ ਹੈ:

ਤਨ ਮਨ ਮੇਰੇ ਦੀ ਭੁਲਾਈ ਸੁੱਧ ਨਢੜੇ ਨੇ
ਮਿੱਠਾ ਮਿੱਠਾ ਬੋਲ ਕੇ ਦਿਖਾ ਗਿਆ ਹੈ ਲੀਲ੍ਹਾ ਨੀ
ਫੁੱਲ ਨੀ ਗੁਲਾਬ ਵਾਂਗੂੰ ਰੰਗ ਮੇਰਾ ਓਸ ਵੇਲੇ
ਮੁੱਖੜਾ ਲੁਕਾਇਆ ਤਾਂ ਹੋਇਆ ਪਤ-ਪੀਲਾ ਨੀ
ਦਸਦੀ ਮੈਂ ਤੈਨੂੰ ਅੱਜ ਗੁਰਦਿੱਤ ਸਿੰਘਾ
ਲੁੱਟੀ ਨੀ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਲਾ ਨੀ

ਅਗਲੀ ਭਲਕ ਭੋਲੀ ਨੇ ਕਾਕੇ ਨੂੰ ਸੁਨੇਹਾ ਭੇਜ ਕੇ ਰੁਪਾਲੋਂ ਤੋਂ ਸੱਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ, ਲੱਗੀਆਂ ਤੋੜ ਨਿਭਾਉਣ ਦੇ ਕੌਲ ਕਰਾਰ ਕਰ ਲਏ। ਇਸ ਤਰ੍ਹਾਂ ਉਹ ਭੋਲੀ ਦੇ ਘਰੇ ਪਿਆਰ ਮਿਲਣੀਆਂ ਮਾਣਦੇ ਰਹੇ।
ਇਸ਼ਕ-ਮੁਸ਼ਕ ਛੁਪਾਇਆਂ ਕਦੋਂ ਛੁਪਦੇ ਨੇ। ਕਾਕੇ ਦੇ ਨਿੱਤ ਲੋਪੋਂ ਆਉਣ ਕਾਰਨ ਉਨ੍ਹਾਂ ਦੇ ਇਸ਼ਕ ਦਾ ਭੇਤ ਖੁਲ੍ਹ ਗਿਆ। ਪਰਤਾਪੀ ਦੀ ਮਾਂ ਨੰਦੋ ਦੇ ਕੰਨੀਂ

ਪੰਜਾਬੀ ਲੋਕ ਗਾਥਾਵਾਂ/ 129