ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/129

ਇਹ ਸਫ਼ਾ ਪ੍ਰਮਾਣਿਤ ਹੈ

ਅਗੀਲੀ ਰਾਤ ਸੋਹਣੀ ਆਪਣੇ ਨਾਲ਼ ਮਿੱਟੀ ਦਾ ਪੱਕਾ ਘੜਾ ਲੈ ਗਈ। ਘੜੇ ਦੀ ਮਦਦ ਨਾਲ਼ ਉਹਨੇ ਝਨਾਅ ਪਾਰ ਕੀਤਾ ਤੇ ਮਹੀਂਵਾਲ ਦੀ ਝੁੱਗੀ ਵਿਚ ਜਾ ਪੁੱਜੀ। ਮਹੀਂਵਾਲ ਸੋਹਣੀ ਨੂੰ ਮਿਲ਼ ਕੇ ਆਪਣੀ ਪੀੜ ਭੁੱਲ ਗਿਆ, "ਤੈਨੂੰ ਪਾ ਕੇ ਸੋਹਣੀਏਂ ਮੇਰਾ ਦੁੱਖ ਅੱਧਾ ਰਹਿ ਗਿਐ। ਤੂੰ ਤਾਂ ਮਰਦਾਂ ਨਾਲ਼ੋਂ ਵੀ ਤਕੜੀ ਨਿਕਲ਼ੀ ਏਂ, ਐਡੀ ਕਾਲ਼ੀ ਬੋਲ੍ਹੀ ਰਾਤ ਵਿਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇਕ ਔਰਤ ਲਈ ਬਹੁਤ ਵੱਡੀ ਗੱਲ ਏ।" ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਂਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਦੇ ਬੂਝੇ ਵਿਚ ਲੁਕੋ ਦੇਂਦੀ।
ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ 'ਤੇ ਉਹਦੀ ਨਨਾਣ ਨੂੰ ਸ਼ੱਕ ਹੋ ਗਿਆ। ਇਕ ਦਿਨ ਉਹ ਵੀ ਸੋਹਣੀ ਦੇ ਮਗਰ ਤੁਰ ਪਈ। ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ 'ਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਕਦਮਾਂ ਦੀ ਆਵਾਜ਼ ਦਾ ਭੁਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ। ਸੋਹਣੀ ਦਰਿਆ 'ਤੇ ਪੁੱਜੀ, ਸਰਕੜੇ ਦੇ ਬੂਝੇ ਵਿਚੋਂ ਘੜਾ ਚੁੱਕਿਆ ਤੇ ਦਰਿਆ ਵਿਚ ਠਿੱਲ੍ਹ ਪਈ, ਉਹਦੀ ਨਨਾਣ ਦੂਰ ਖੜ੍ਹੀ ਸਭ ਕੁਝ ਤੱਕਦੀ ਰਹੀ। ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਘੜਾ ਉਸੇ ਥਾਂ 'ਤੇ ਲੁਕੋ ਦਿੱਤਾ। ਉਹਦੀ ਨਨਾਣ ਛੋਪਲੇ-ਛੋਪਲੇ ਕਦਮੀਂ ਸੋਹਣੀ ਤੋਂ ਪਹਿਲੋਂ ਘਰ ਪੁੱਜ ਗਈ।
ਦਿਨੇ ਨਨਾਣ ਨੇ ਆਪਣੀ ਮਾਂ ਨੂੰ, ਸੋਹਣੀ ਦੇ ਦਰਿਆ ਪਾਰ ਕਰਕੇ ਮਹੀਂਵਾਲ ਨੂੰ ਮਿਲ਼ਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ।
ਅੱਧੀ ਰਾਤ ਲੰਘੀ, ਸੋਹਣੀ ਉੱਠੀ। ਬਾਹਰ ਘੁੱਪ ਹਨੇਰਾ ਪਸਰਿਆ ਹੋਇਆ ਸੀ। ਸਾਰੇ ਅਸਮਾਨ 'ਤੇ ਬੱਦਲ ਛਾਏ ਹੋਏ ਸਨ। ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ। ਉਹਦਾ ਮਹੀਂਵਾਲ ਉਹਨੂੰ ਉਡੀਕਦਾ ਪਿਆ ਸੀ... ਦੂਰ ਪਾਰਲੇ ਕੰਢੇ ਉਹਦਾ ਇੰਤਜ਼ਾਰ ਕਰ ਰਿਹਾ ਸੀ। ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ। ਰਾਹ ਨਜ਼ਰੀਂ ਨਹੀਂ ਸੀ ਪੈਂਦਾ। ਰਾਹ ਵਿਚ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ। ਉਹ ਡਿੱਗਦੀ ਢਹਿੰਦੀ, ਝਾੜੀਆਂ ਝਾਫਿਆਂ ਵਿਚੋਂ ਫਸਦੀ ਲਹੂ ਲੁਹਾਣ ਹੋਈ ਝਨਾਅ ਦੇ ਕੰਢੇ 'ਤੇ ਪੁੱਜ ਗਈ। ਉਸ ਸਰਕੜੇ ਦੇ ਬੂਝੇ ਵਿਚੋਂ ਘੜਾ ਚੁੱਕ ਲਿਆ। ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ, ਪਹਿਲਾਂ ਵਰਗੀ ਟੁਣਕਾਟ ਨਹੀਂ ਸੀ। ਆਹ! ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ। ਮੁਹੱਬਤ ਨਵੇਂ ਇਮਤਿਹਾਨ ਵਿਚ ਪਾ ਦਿੱਤੀ ਸੀ।
ਪਾਰਲੇ ਕੰਢੇ ਮਹੀਂਵਾਲ ਦੀ ਝੁੱਗੀ ਵਿਚ ਦੀਵਾ ਟਿਮਟਿਮਾ ਰਿਹਾ ਸੀ ਤੇ ਮਹੀਂਵਾਲ ਸੁਰੀਲੀ ਬੰਸਰੀ ਦੀਆਂ ਤਾਨਾਂ 'ਤੇ ਪਿਆਰੇ ਬੋਲ ਗਾਉਂਦਾ ਪਿਆ ਸੀ।

ਪੰਜਾਬੀ ਲੋਕ ਗਾਥਾਵਾਂ/ 125