ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/116

ਇਹ ਸਫ਼ਾ ਪ੍ਰਮਾਣਿਤ ਹੈ

ਡਾਚੀ ਤੇਜ਼ ਕਦਮੀਂ ਭੰਬੋਰ ਸ਼ਹਿਰ ਵੱਲ ਨੱਸੀ ਜਾ ਰਹੀ ਸੀ। ਰਾਹ ਵਿਚ ਪੁੰਨੂੰ ਨੂੰ ਆਵਾਜ਼ ਪਈ
"ਡਾਚੀ ਵਾਲ਼ਿਆ, ਇਕ ਪਲ ਰੁਕ ਜਾਵੀਂ। ਆ ਆਪਾਂ ਰਲ਼ ਕੇ ਇਕ ਰੱਬੀ ਜਿਊੜੇ ਦੀ ਕਬਰ ਪੁੱਟ ਦੇਵੀਏ।ਇਹ ਆਪਣੇ ਪਿਆਰੇ ਦੀ ਭਾਲ਼ ਵਿਚ ਪੂਰੀ ਹੋ ਗਈ ਏ।" ਪੁੰਨੂੰ ਨੇ ਪਰਤ ਕੇ ਵੇਖਿਆ ਇਕ ਆਜੜੀ ਕਬਰ ਪੁੱਟੀ ਜਾ ਰਿਹਾ ਸੀ। ਪੁੰਨੂੰ ਦਾ ਦਿਲ ਧੜਕਿਆ। ਉਹਨੇ ਡਾਚੀ ਖਲਿਆਰ ਲਈ ਤੇ ਉਸ ਦੇ ਪਾਸ ਜਾ ਕੇ ਬੋਲਿਆ, "ਕਿੱਥੇ ਹੈ ਉਹ ਸਿਦਕਣ ਮੁਟਿਆਰ?"
ਆਜੜੀ ਪੁੰਨੂੰ ਨੂੰ ਦਰੱਖ਼ਤਾਂ ਦੇ ਇਕ ਝੁੰਡ ਕੋਲ਼ ਲੈ ਗਿਆ। ਆਜੜੀ ਨੇ ਮੁਟਿਆਰ ਦੇ ਕੁਮਲਾਏ ਮੁਖੜੇ ਤੋਂ ਪੱਲਾ ਸਰਕਾਇਆ- ਪੁੰਨੂੰ ਦੇ ਹੋਸ਼ ਉੱਡ ਗਏ।
"ਸੱਸੀ!" ਪੁੰਨੂੰ ਨੇ ਧਾਹ ਮਾਰੀ ਤੇ ਉਹਦੇ 'ਤੇ ਉਲਰ ਪਿਆ! ਪੁੰਨੂੰ ਵਿਰਲਾਪ ਕਰ ਰਿਹਾ ਸੀ ਤੇ ਉਹਦੇ ਕੋਸੇ ਹੰਝੂ ਸੱਸੀ ਦੇ ਕੁਮਲਾਏ ਚਿਹਰੇ ਨੂੰ ਧੋ ਰਹੇ ਸਨ। "ਸੱਸੀਏ ਵੇਖ ਤੇਰਾ ਪੁੰਨੂੰ ਤੇਰੇ ਕੋਲ਼ ਆ ਗਿਆ ਏ। ਸੱਸੀਏ! ਬੋਲ ਤਾਂ ਸਹੀ... ਤੇਰਾ ਪੁੰਨੂੰ ਸੱਸੀਏ... ਹਾਏ ਸੱਸੀਏ.." ਪੁੰਨੂੰ ਸੱਸੀ ਦੀ ਲਾਸ਼ 'ਤੇ ਢਹਿ ਪਿਆ ਤੇ ਉਹਨੂੰ ਮੁੜ ਕੇ ਹੋਸ਼ ਨਾ ਆਇਆ! ਆਜੜੀ ਦੀਆਂ ਅੱਖੀਆਂ ਵਿਚੋਂ ਹੰਝੂਆਂ ਦੇ ਦਰਿਆ ਵਗ ਟੁਰੇ। ਉਹਦੇ ਵੇਖਦੇ-ਵੇਖਦੇ ਦੋ ਜਿੰਦਾਂ ਇਕ-ਦੂਜੇ ਲਈ ਕੁਰਬਾਨ ਹੋ ਗਈਆਂ!
ਆਜੜੀ ਨੇ ਤਾਂ ਆਪਣੀ ਸਹਾਇਤਾ ਲਈ ਰਾਹੀ ਨੂੰ ਬੁਲਾਇਆ ਸੀ ਪਰੰਤੂ ਉਸ ਦੇ ਸਾਹਮਣੇ ਇਕ ਦੀ ਥਾਂ ਦੋ ਲੋਥਾਂ ਪਈਆਂ ਸਨ। ਖੌਰੇ ਕੋਈ ਹੋਰ ਉਸ ਦੀ ਮਦਦ ਲਈ ਆਵੇ ਜਾਂ ਨਾ ਆਵੇ। ਉਹਨੇ ਕੱਲਿਆਂ ਕਬਰ ਖੋਦੀ ਤੇ ਦੋਵੇਂ ਉਸ ਵਿਚ ਦਫ਼ਨਾ ਦਿੱਤੇ ਤੇ ਆਜੜੀ ਦੇ ਜੀਵਨ ਨੇ ਅਜਿਹਾ ਪਲਟਾ ਖਾਧਾ ਕਿ ਉਹ ਸੱਸੀ ਪੁੰਨੂੰ ਦੀ ਕਬਰ 'ਤੇ ਫ਼ਕੀਰ ਬਣ ਕੇ ਬੈਠ ਗਿਆ।

.

ਪੰਜਾਬੀ ਲੋਕ ਗਾਥਾਵਾਂ/ 112