ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/113

ਇਹ ਸਫ਼ਾ ਪ੍ਰਮਾਣਿਤ ਹੈ

ਦੋਵੇਂ ਪਿਆਰੇ ਇਕ ਦੂਜੇ ਵਿਚ ਲੀਨ ਹੋ ਗਏ। ਦੁਨੀਆਂ ਭਰ ਦੀਆਂ ਸਾਰੀਆਂ ਨਿਆਮਤਾਂ ਉਨ੍ਹਾਂ ਦੀ ਝੋਲੀ ਆਣ ਪਈਆਂ।
ਪੁੰਨੂੰ ਹੁਣ ਸੱਸੀ ਜੋਗਾ ਹੋ ਚੁੱਕਿਆ ਸੀ। ਪੁੰਨੂੰ ਦੇ ਨਾਲ਼ ਦੇ ਸੌਦਾਗਰ ਆਪਣੇ ਦੇਸ ਪਰਤ ਗਏ। ਉਨ੍ਹਾਂ ਪੁੰਨੂੰ ਦੇ ਪਿਤਾ ਅਲੀ ਹੋਤ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ।
ਉਹ ਕਈ ਦਿਨਾਂ ਦੀ ਮੰਜ਼ਲ ਮਾਰ ਕੇ ਭੰਬੋਰ ਸ਼ਹਿਰ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿ ਰਿਹਾ ਸੀ। ਸੱਸੀ ਨੇ ਪੁੰਨੂੰ ਦੇ ਭਰਾਵਾਂ ਦੀ ਖੂਬ ਖ਼ਾਤਰਦਾਰੀ ਕੀਤੀ। ਪੁੰਨੂੰ ਦੇ ਭਰਾ ਪੁੰਨੁੰ ਨੂੰ ਸ਼ਰਾਬ ਦੇ ਜਾਮਾਂ ਦੇ ਜਾਮ ਭਰ-ਭਰ ਪਿਆਂਦੇ ਰਹੇ। ਪੁੰਨੂੰ ਬੇਹੋਸ਼ ਹੋ ਗਿਆ।
ਰਾਤ ਰਾਣੀ ਨੇ ਸਤਾਰਿਆਂ ਜੜੀ ਕਾਲ਼ੀ ਚਾਦਰ ਆਪਣੇ ਦੁਆਲੇ ਵਲ੍ਹੇਟ ਲਈ। ਸੱਸੀ ਮਦਹੋਸ਼ ਹੋਏ ਪੁੰਨੂੰ ਦੇ ਗਲ਼ ਆਪਣੀ ਬਾਂਹ ਵਲੀ ਘੂਕ ਸੁੱਤੀ ਪਈ ਸੀ। ਪੁੰਨੂੰ ਦੇ ਭਰਾ ਉੱਠੇ, ਉਨ੍ਹਾਂ ਹੌਲੇ ਜਹੇ ਸੱਸੀ ਦੀ ਬਾਂਹ ਪਰ੍ਹੇ ਹਟਾਈ ਤੇ ਪੁੰਨੂੰ ਨੂੰ ਇਕ ਊਠ ਉਤੇ ਲੱਦ ਲਿਆ। ਉਹ ਜਾਣਦੇ ਸਨ ਕਿ ਪੁੰਨੂੰ ਆਪਣੇ ਆਪ ਸੌਖਿਆਂ ਵਾਪਸ ਮੁੜਨ ਵਾਲ਼ਾ ਨਹੀਂ। ਸੱਸੀ ਬੇਖ਼ਬਰ ਸੁੱਤੀ ਰਹੀ। ਉਹ ਬੇਹੋਸ਼ ਪੁੰਨੂੰ ਨੂੰ ਲੈ ਤੁਰੇ!
ਸੱਸੀ ਦੀ ਜਾਗ ਖੁੱਲ੍ਹੀ। ਪੁੰਨੂੰ ਉਹਦੇ ਕੋਲ਼ ਨਹੀਂ ਸੀ। ਪੁੰਨੂੰ ਦੇ ਭਰਾ ਤੱਕੇ, ਉਨ੍ਹਾਂ ਦੀਆਂ ਡਾਚੀਆਂ ਵੇਖੀਆਂ, ਕੋਈ ਵੀ ਕਿਧਰੇ ਨਹੀਂ ਸੀ। ਉਸ ਆਲ਼ਾ ਦੁਆਲ਼ਾ ਛਾਣ ਮਾਰਿਆ! ਪਰੰਤੂ ਪੁੰਨੂੰ ਤਾਂ ਕਾਫੀ ਦੂਰ ਜਾ ਚੁੱਕਿਆ ਸੀ! ਸੱਸੀ ਕੁਰਲਾ ਰਹੀ ਸੀ:

ਮੈਂ ਪੁੰਨੂੰ ਦੀ ਪੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ, ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ।

ਉਹਦੀ ਧਰਮ ਮਾਂ ਨੇ ਉਹਨੂੰ ਬਹੁਤੇਰਾ ਸਮਝਾਇਆ:

ਨਾ ਰੋ ਧੀਏ ਸੱਜੀਏ
ਪੁੰਨੂੰ ਵਰਗੇ ਬਲੋਚ ਬਥੇਰੇ

ਪਰ ਸੱਸੀ ਦੀ ਜਿੰਦ ਤਾਂ ਪੁੰਨੂੰ ਦੇ ਹਵਾਲੇ ਹੋ ਚੁੱਕੀ ਸੀ:

ਪੰਜਾਬੀ ਲੋਕ ਗਾਥਾਵਾਂ/ 109