ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਰਹੇ। ਆਖ਼ਰ ਹੀਰ ਦਿਲ ਤਕੜਾ ਕਰਕੇ ਬੋਲੀ, "ਕੀ ਹੋਇਆ ਰਾਂਝਿਆ ਮੇਰਾ ਨਿਕਾਹ ਲੋਕਾਂ ਦੀਆਂ ਨਜ਼ਰਾਂ ਵਿਚ ਸੈਦੇ ਨਾਲ਼ ਪੜਿਆ ਗਿਐ ਪਰ ਮੈਂ ਸੱਚੇ ਖ਼ੁਦਾ ਦੀਆਂ ਨਜ਼ਰਾਂ ਵਿਚ ਤੇਰੀ ਆਂ। ਸਾਡਾ ਨਿਕਾਹ ਰਸੂਲ ਨੇ ਪਹਿਲਾਂ ਹੀ ਪੜ੍ਹਾਇਆ ਹੋਇਆ ਏ। ਮੈਂ ਮਰਜਾਂਗੀ ਪਰ ਸੈਦੇ ਖੇੜੇ ਦੀ ਸੇਜ ਕਬੂਲ ਨਾ ਕਰਾਂਗੀ। ਤੂੰ ਛੇਤੀ ਤੋਂ ਛੇਤੀ ਕੋਈ ਅਹੁਰ ਪਹੁਰ ਕਰਕੇ ਰੰਗਪੁਰ ਪੁੱਜ।"
ਤੀਜੇ ਦਿਨ ਖੇੜੇ ਕੁਰਲਾਉਂਦੀ ਹੀਰ ਦੀ ਡੋਲ਼ੀ ਲੈ ਤੁਰੇ। ਹੀਰ ਦੀ ਡੋਲ਼ੀ ਰੰਗਪੁਰ ਖੇੜੇ ਜਾ ਪੁੱਜੀ। ਸਾਰਾ ਪਿੰਡ ਏਸ ਹੁਸ਼ਨਾਕ ਪਰੀ ਨੂੰ ਵੇਖਣ ਲਈ ਢੁਕਿਆ। ਹੁਸਨ ਉਦਾਸ-ਉਦਾਸ ਬੈਠਾ ਰਿਹਾ। ਹੀਰ ਦੀ ਨਣਦ ਸਹਿਤੀ ਉਹਦੇ ਦਿਲ ਦੇ ਰੋਗ ਨੂੰ ਬੁਝ ਗਈ। ਉਹਨੇ ਆਪਣਾ ਹਮਦਰਦ ਦਿਲ ਹੀਰ ਅੱਗੇ ਪੇਸ਼ ਕਰ ਦਿੱਤਾ। ਸੈਦੇ ਖੇੜੇ ਨੇ ਵੀ ਹੀਰ ਨੂੰ ਰਝਾਣ ਦੀ ਬੜੀ ਕੋਸ਼ਿਸ਼ ਕੀਤੀ ਪਰੰਤੂ ਹੀਰ ਨੇ ਉਹਨੂੰ ਆਪਣੇ ਨੇੜੇ ਨਾ ਢੁਕਣ ਦਿੱਤਾ। ਉਹ ਤਾਂ ਧੁਰ ਦਰਗਾਹੋਂ ਰਾਂਝੇ ਦੀ ਅਮਾਨਤ ਹੋ ਚੁੱਕੀ ਸੀ। ਉਹ ਰਾਂਝੇ ਦੀ ਯਾਦ ਵਿਚ ਤੜਪਦੀ ਰਹੀ ਤੇ ਉਹਦਾ ਸੂਹਾ ਮੁਖੜਾ ਪੀਲ਼ਾ ਵਸਾਰ ਹੋ ਗਿਆ।
ਰਾਂਝਾ ਝੰਗ ਸਿਆਲ ਤੋਂ ਸਿੱਧਾ ਬਾਲ ਨਾਥ ਦੇ ਟਿੱਲੇ ਜਾ ਪੁੱਜਾ ਤੇ ਜੋਗੀ ਦਾ ਭੇਖ ਧਾਰਨ ਲਈ ਬੇਨਤੀ ਕੀਤੀ। ਬਾਲ ਨਾਥ ਨੇ ਉਹਦੇ ਗਠੀਲੇ ਸਰੀਰ ਤੇ ਭਖਦੀ ਜਵਾਨੀ ਵਲ ਨਿਗਾਹ ਮਾਰੀ। ਉਹਦਾ ਦਿਲ ਪਸੀਜ਼ ਗਿਆ। ਜੋਗੀ ਨੇ ਉਹਨੂੰ ਬਥੇਰਾ ਸਮਝਾਇਆ ਕਿ ਉਹਦੀ ਉਮਰ ਜੋਗ ਧਾਰਨ ਦੀ ਨਹੀਂ। ਪਰੰਤੂ ਰਾਂਝਾ ਤਾਂ ਆਪਣੀ ਹੀਰ ਲਈ ਜੋਗੀ ਬਣ ਰਿਹਾ ਸੀ, ਉਹਨੇ ਤਾਂ ਹੁਸਨ ਦੀ ਭਿੱਖਿਆ ਮੰਗਣ ਚੜ੍ਹਨਾ ਸੀ। ਆਖ਼ਰ ਬਾਲ ਨਾਥ ਨੇ ਉਹਨੂੰ ਜੋਗ ਦੇ ਦਿੱਤਾ। ਜਟਾਂ ਲਟਕਾਈ, ਕੰਨਾਂ ਵਿਚ ਮੁੰਦਰਾਂ ਪਾ, ਲਾਲੀ ਦੀ ਭਾਅ ਮਾਰਦੇ ਸਰੀਰ 'ਤੇ ਭਬੂਤੀ ਮਲ ਰਾਂਝਾ ਜੋਗੀ ਬਣ ਤੁਰਿਆ। ਉਹਦੇ ਹੁਸਨ ਦੀ ਹੁਣ ਝਾਲ ਝੱਲੀ ਨਾ ਸੀ ਜਾਂਦੀ। ਉਹ ਸਿੱਧਾ ਰੰਗਪੁਰ ਖੇੜੇ ਪੁੱਜਾ। ਰਾਹ ਵਿਚ ਉਹਨੂੰ ਇਕ ਆਜੜੀ ਇੱਜੜ ਚਰਾਂਦਾ ਮਿਲ ਗਿਆ। ਜੋਗੀ ਨੇ ਉਹਦੇ ਪਾਸੋਂ ਰੰਗਪੁਰ ਬਾਰੇ ਯੋਗ ਵਾਕਫ਼ੀ ਪ੍ਰਾਪਤ ਕੀਤੀ ਤੇ ਪਿੰਡ ਵਿਚ ਆਣ ਵੜਿਆ। ਕਈ ਮੁਟਿਆਰਾਂ ਖੂਹ ਉਤੋਂ ਪਾਣੀ ਭਰ ਰਹੀਆਂ ਸਨ। ਜੋਗੀ ਦਾ ਰੰਗ ਰੂਪ ਵੇਖ ਕਈਆਂ ਨੇ ਠੰਡੇ ਹੌਕੇ ਭਰੇ। ਲੁਗ ਲੁਗ ਕਰਦਾ ਜੋਗੀ ਦਾ ਸਰੀਰ ਲਪਟਾਂ ਛੱਡ ਰਿਹਾ ਸੀ। ਕਈਆਂ ਦੇ ਕਾਲਜੇ ਧਰੂਹੇ ਗਏ। ਕਈਆਂ ਨੇ ਇਕ ਦੂਜੀ ਦੀਆਂ ਵੱਖੀਆਂ ਵਿਚ ਚੂੰਢੀਆਂ ਭਰ ਲਈਆਂ। ਇਨ੍ਹਾਂ ਵਿਚਕਾਰ ਹੀਰ ਦੀ ਨਨਾਣ ਸਹਿਤੀ ਵੀ ਸੀ। ਉਹਨੇ ਆਪਣੀ ਭਾਬੋ ਕੋਲ਼ ਪਿੰਡ ਵਿਚ ਆਏ ਨਵੇਂ ਜੋਗੀ ਦੀ ਚਰਚਾ ਕੀਤੀ। ਹੀਰ ਦਾ ਦਿਲ ਧੜਕਣ ਲੱਗ ਪਿਆ। "ਖੌਰੇ ਰਾਂਝਾ ਈ ਜੋਗੀ ਦਾ ਭੇਖ ਧਾਰ ਕੇ ਆ ਗਿਆ ਹੋਵੇ," ਉਸ ਸੋਚਿਆ। ਰਾਂਝੇ ਲਈ ਉਹਦਾ ਲੂੰ-ਲੂੰ ਤੜਪਦਾ ਪਿਆ ਸੀ।

ਪੰਜਾਬੀ ਲੋਕ ਗਾਥਾਵਾਂ/ 100