ਪੰਨਾ:ਜ਼ਿੰਦਗੀ ਦੇ ਰਾਹ ਤੇ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਇਸਤ੍ਰੀ ਦੀ ਤਰਸਯੋਗ ਹਾਲਤ


ਕਿਸੇ ਦੇਸ਼ ਦੀ ਸਭਿਅਤਾ ਦਾ ਅੰਦਾਜ਼ਾ ਲਗਾਣ ਲਈ ਉਸ ਦੇਸ ਦੀ ਇਸਤ੍ਰੀ ਜਾਤੀ ਦੀ ਹਾਲਤ ਵੇਖਣੀ ਚਾਹੀਦੀ ਹੈ। ਜਿਸ ਮੁਲਕ ਦੀਆਂ ਇਸਤ੍ਰੀਆਂ ਦੀ ਭੈੜੀ ਦਸ਼ਾ ਹੈ, ਸਮਝੋ ਕਿ ਉਸ ਮੁਲਕ ਦੇ ਆਦਮੀਆਂ ਨੂੰ ਅਜੇ ਸਮਝ ਨਹੀਂ ਆਈ ਤੇ ਉਥੇ ਦੇ ਲੋਕਾਂ ਨੇ ਅਜੇ ਤਰੱਕੀ ਨਹੀਂ ਕੀਤੀ। ਦੁਨੀਆ ਹਰ ਗੱਲੇ ਅਗਾਂਹ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉੱਨਤੀ ਦਾ ਇਕ ਮੇਚਾ ਇਸਤ੍ਰੀਆਂ ਦੀ ਹਾਲਤ ਹੈ। ਜਦ ਤੋਂ ਇਤਿਹਾਸ ਦੀ ਗਵਾਹੀ ਮਿਲਦੀ ਹੈ, ਇਕ ਗਲ ਸਾਫ਼ ਨਜ਼ਰ ਆ ਰਹੀ ਹੈ ਕਿ ਕਈਆਂ ਸਦੀਆਂ ਤੋਂ ਵੱਖੋ ਵੱਖ ਮੁਲਕਾਂ ਵਿਚ ਅੱਗੜ ਪਿੱਛੜ ਇਸਤ੍ਰੀ-ਆਜ਼ਾਦੀ ਦੀ ਲਹਿਰ ਚਲਦੀ ਆਉਂਦੀ ਹੈ। ਕਿਸੇ ਮੁਲਕ ਵਿਚ ਇਹ ਜੋਸ਼ ਪਹਿਲੋਂ ਉਠ ਬਹਿੰਦਾ ਹੈ ਤੇ ਕਿਸੇ ਵਿਚ ਪਿਛੋਂ ਪਰ ਹੌਲੀ ਹੌਲੀ ਆਂਢੀ ਗੁਆਂਢੀ ਮੁਲਕਾਂ ਦਾ ਅਸਰ ਹੋ ਹੀ ਜਾਂਦਾ ਹੈ। ਅਫ਼ਗਾਨਿਸਤਾਨ ਵਰਗੇ ਕੱਟੜ ਮੁਲਕਾਂ ਵਿਚ ਵੀ ਇਹ ਲਹਿਰ ਚਲ ਪਈ ਹੈ। ਇਸਤ੍ਰੀ ਦੀ ਆਜ਼ਾਦੀ ਦੀ ਲਹਿਰ ਦਾ ਉਦੇਸ਼ ਸਿਰਫ਼ ਇਕ ਹੀ ਹੈ ਕਿ ਇਸਤ੍ਰੀ ਨੂੰ ਮਰਦ ਦੇ ਪੰਜੇ ਤੋਂ ਛੁਡਾਉਣਾ

૧૧