ਪੰਨਾ:ਜ਼ਿੰਦਗੀ ਦੇ ਰਾਹ ਤੇ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਾ ਉਸ ਦੀ ਮਾਂ ਰਹੀ ਹੈ, ਹੋਰ ਕਿਸੇ ਦਾ ਉਸ ਤੇ ਹਕ ਨਹੀਂ ਹੋਇਆ, ਪਰ ਦੂਸਰੇ ਬੱਚੇ ਦੇ ਜਨਮ ਤੇ ਉਸ ਦਾ ਤਖ਼ਤ ਹੁਣ ਖੋਹਿਆ ਜਾਂਦਾ ਹੈ, ਉਸ ਦੇ ਭੈਣ ਥਾਂ ਭਰਾ ਦੇ ਜੰਮਣ ਤੇ ਝਟ ਪਟ ਉਸ ਵਾਸਤੇ ਹਾਲਾਤ ਬਦਲ ਜਾਂਦੇ ਹਨ। ਇਸ ਦਾ ਅਸਰ ਅਸੀਂ ਆਮ ਘਰਾਂ ਵਿਚ ਇਹ ਦੇਖਦੇ ਹੁੰਦੇ ਹਾਂ ਕਿ ਐਸੇ ਵਕਤ ਤੇ ਪਹਿਲਾ ਬੱਚਾ ਭੰਡੀ ਖੋਰ, ਰੀਂਗਲ, ਸੜੀਅਲ ਤੇ ਬੀਮਾਰ ਹੋ ਜਾਂਦਾ ਹੈ। ਉਹ ਹੁਣ ਵੀ ਅਗ ਵਾਂਗ ਮਾਂ ਦੀ ਗੋਦੀ ਦਾ ਇਕੱਲਾ ਹਕਦਾਰ ਹੋਣਾ ਚਾਹੁੰਦਾ ਹੈ ਜੋ ਉਸ ਨੂੰ ਮਿਲ ਨਹੀਂ ਸਕਦੀ ਜਾਂ ਸਿਰਫ ਥੋੜੇ ਚਿਰ ਦੇ ਦਿਲ ਪਰਚਾਵੇ ਲਈ ਹੀ ਮਿਲ ਸਕਦੀ ਹੈ। ਕਈ ਵਾਰ ਪਹਿਲਾ ਬੱਚਾ ਦੁਸਰੇ ਬਚੇ ਨੂੰ ਚੁਕਿਆ ਵੇਖ ਕੇ ਰੋਣ ਲਗ ਪੈਂਦਾ ਹੈ, ਉਸ ਨੂੰ ਚੂੰਢੀਆਂ ਵਢ ਕੇ ਰੁਆ ਦੇਂਦਾ ਹੈ।

ਤੀਸਰੇ ਤੇ ਚੌਥੇ ਬੱਚੇ ਦੇਰੀ ਘਰ ਦੇ ਹਾਲਾਤ ਹੋਰ ਹੀ ਹੁੰਦੇ ਹਨ। ਹੁਣ ਤਕ ਮਾਂ ਪਿਉ ਨੂੰ ਘਟ ਤੋਂ ਘਟ ਕੁਝ ਗੱਲਾਂ ਦਾ ਤਜਰਬਾ ਹੋ ਚੁਕਾ ਹੁੰਦਾ ਹੈ, ਪਰ ਸਾਰਾ ਭਾਰ ਉਨ੍ਹਾਂ ਦੇ ਆਪਣੇ ਸਿਰ ਹੀ ਪੈਂਦਾ ਹੈ, ਕੋਈ ਮਦਦ ਕਰਨ ਵਾਲਾ ਨਹੀਂ ਹੁੰਦਾ। ਬੱਚਿਆਂ ਵਾਸਤੇ ਵੀ ਸ਼ੁਰੂ ਤੋਂ ਹੀ ਮੁਕਾਬਲੇ ਦੇ ਹੋਰ ਹਾਣੀ ਨਾਲ ਖੇਡਣ ਵਾਲੇ ਹੋਰ ਹਾਣੀ, ਲਾਡ, ਪਿਆਰ ਤੇ ਤਵੱਜੋ ਵੰਡਣ ਵਾਲੇ ਹੋਰ ਸਾਥੀ। ਇਨ੍ਹਾਂ ਬਚਿਆਂ ਨੂੰ ਜੀਵਨ ਸ਼ੁਰੂ ਤੋਂ ਹੀ ਇਕ ਛਿੰਝ ਜਾਪਦੀ ਹੈ। ਪਰ ਕਈ ਹਾਲਾਤ ਇਨ੍ਹਾਂ ਵਾਸਤੇ ਫ਼ਾਇਦੇਮੰਦ ਵੀ ਹੁੰਦੇ ਹਨ। ਪਹਿਲੇ ਬੱਚੇ ਦੇ ਵਕੜ ਮਾਪੇ ਅਜੇ, ਖ਼ੁਦਮੁਖਤਾਰ ਨਹੀਂ ਹੋਂਦੇ, ਉਨ੍ਹਾਂ ਨੂੰ ਬਹੁਤ ਵਾਰੀ ਵਡਿਆਂ ਵਡੇਰਿਆਂ ਦੀ ਹਕੂਮਤ ਵਿਚ ਤੇ ਉਨਾਂ ਦੇ ਆਸਰੇ ਤੇ ਰਹਿਣਾ ਪੈਂਦਾ ਹੈ। ਅਗਲੇ ਬੱਚੇ ਦੇ ਵਕਤੇ ਇਹ ਨਕਸ਼ਾ ਬਦਲ ਜਾਂਦਾ ਹੈ। ਪਰ ਅਗੋਂ ਜਾ ਕੇ ਹਾਲਤ ਹੋਰ ਵੀ ਬਦਲ ਜਾਂਦੇ ਹਨ। ਮਾਪਿਆਂ ਦਾ ਸਭ ਤੋਂ ਛੋਟਾ ਬੱਚਾ ਜਦ ਦੁਨੀਆ ਵਿਚ ਆਉਂਦਾ ਹੈ ਤਾਂ ਉਸ ਵਕਤ ਤਕ ਮਾਪੇ ਕਾਫ਼ੀ ਉਮਰ ਦੇ ਹੋ ਚੁੱਕੇ

੯੦