ਪੰਨਾ:ਜ਼ਿੰਦਗੀ ਦੇ ਰਾਹ ਤੇ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਗਲੀ ਗਵਾਂਢ ਹਨ । ਉਸ ਦੀ ਰੁਚੀ ਦਾ ਦਾਇਰਾ ਬਸ ਏਨਾਂ ਹੀ ਹੈ, ਇਸ ਤੋਂ ਪਰੇ ਉਸ ਲਈ ਕੋਈ ਦੁਨੀਆਂ ਨਹੀਂ ਵੱਸਦੀ।

ਬਸ ਨਵੇਂ ਨਵੇਂ ਵਿਆਹ ਦੇ ਹੀ ਚਾਅ ਹੁੰਦੇ ਹਨ, ਜਦ ਪੁਰਾਣਾ ਹੋ ਗਿਆ ਤਾਂ ‘ਤੂੰ ਕੌਣ ਤੇ ਮੈਂ ਕੌਣ'? ਫੇਰ ਤੇ ਗਭਰੂ ਵਹੁਟੀ ਨੇ ਆਪੇ ਹੀ ਨਬੇੜਨੀ ਹੈ, ਦੋਹਾਂ ਨੇ ਆਪਣਾ ਜੀਵਨ ਆਪ ਕਟਨਾ ਹੈ, ਦੋਹਾਂ ਨੇ ਜਿਵੇਂ ਹੋਵੇ ਨਿਭਾਣੀ ਹੈ, ਦੋਹਾਂ ਨੇ ਗੁੱਸੇ ਰਾਜ਼ੀ ਵੀ ਹੋਣਾ ਹੈ ਤੇ ਇਕ ਦੁਜੇ ਨੂੰ ਆਪੇ ਮਨਾਣਾ ਹੈ, ਦੋਹਾਂ ਨੇ ਜੇ ਪਾਰ ਲਗਣਾ ਹੈ ਤਾਂ ਇਕੋ ਬੇੜੀ ਵਿਚ ਤੇ ਜੇ ਡੁਬਣਾ ਹੈ ਤਾਂ ਵੀ ਇਕੋ ਵਿਚ । ਪਰ ਦੋਹਾਂ ਦੇ ਵਖੋ ਵਖ ਕੰਮ, ਵਖੋ ਵਖ ਫਰਜ਼, ਵਖੋ ਵਖ ਰੁਚੀਆਂ, ਭਾਈਵਾਲੀਆਂ ਦਾ ਫ਼ਰਕ, ਖ਼ਿਆਲਾਂ ਦਾ ਫਰਕ; ਅਕਲ ਤੇ ਸਮਝ ਦਾ ਫ਼ਰਕ, ਨਿਭੇ ਕਿਵੇਂ ? ਸਵਾਮੀ ਹੁਰੀ ਸਵੇਰੇ ਹੀ ਖਾ ਪੀ ਕੇ ਆਪਣੇ ਕੰਮ ਤੇ ਟੁਰ ਜਾਂਦੇ ਹਨ, ਘਰ ਵਾਲੀ ਘਰ ਭੱਸੜ ਪਾਂਦੀ ਰਹਿੰਦੀ ਹੈ । ਸਵਾਮੀ ਹੁਰੀ ਦੁਪਹਿਰੀ ਰੋਟੀ ਖਾਣ ਆ ਵੜਦੇ ਹਨ ਤੇ ਫੇਰ ਟੁਰ ਜਾਂਦੇ ਹਨ, ਫੇਰ ਰਾਤੀਂ ਸੋਤੇ ਪਏ ਆਉਂਦੇ ਹਨ ਤੇ ਖਾ ਕੇ ਲੇਟ ਜਾਂਦੇ ਹਨ । ਵਹੁਟੀ ਨੂੰ ਨਹੀਂ ਪਤਾ ਹੁੰਦਾ ਕਿ ਉਸ ਦਾ ਪਤੀ ਸਾਰਾ ਦਿਨ ਕੀ ਕਰਦਾ ਰਹਿੰਦਾ ਹੈ, ਤੇ ਗਭਰੂ ਨੂੰ ਪਤਾ ਨਹੀਂ ਕਿ ਘਰ ਵਾਲੀ ਦਿਹਾੜੀ ਕੀ ਕਰਦੀ ਹੈ । ਵਹੁਟੀ ਨੂੰ ਏਨਾਂ ਹੀ ਪਤਾ ਹੈ ਕਿ ਉਹ ਬਾਬੂ ਹਨ, ਕਿ ਦੁਕਾਨਦਾਰ ਹਨ,ਕਿ ਡਾਕਟਰ ਹਨ, ਕਿ ਵਕੀਲ ਹਨ, ਕਿ ਮਾਸਟਰ ਹਨ, ਬਸ ਉਸ ਨੂੰ ਇਤਨਾ ਹੀ ਪਤਾ ਹੈ ਤੇ ਏਦੂੰ ਵਧ ਪਤਾ ਕਰਨ ਦੀ ਲੋੜ ਵੀ ਨਹੀਂ। ਸਵਾਮੀ ਹੁਰਾਂ ਨੂੰ ਇਹ ਖ਼ਬਰ ਹੈ ਕਿ ਉਨ੍ਹਾਂ ਦੀ ਵਹੁਟੀ ਘਰ ਨੂੰ ਸਾਂਭਦੀ ਸਿਕਰਦੀ ਹੈ, ਰੋਟੀ ਟੁੱਕਰ ਕਰਦੀ ਹੈ, ਤੇ ਬਾਲਾਂ ਨੂੰ ਸੰਭਾਲਦੀ ਹੈ । ਵਹੁਟੀ ਨੂੰ ਇਹ ਨਹੀਂ ਪਤਾ ਕਿ ਉਸ ਦੇ ਪਤੀ ਨੂੰ ਦਿਹਾੜੀ ਕੀ ਕੀ ਕਰਨਾ ਪੈਂਦਾ ਹੈ, ਕਿਨ੍ਹਾਂ ਕਿਨ੍ਹਾਂ ਲੋਕਾਂ ਨਾਲ ਵਾਹ ਪੈਂਦਾ ਹੈ ਤੇ

੨੫