ਪੰਨਾ:ਜ਼ਿੰਦਗੀ ਦੇ ਰਾਹ ਤੇ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਰਸ਼ ਹੋਵੇ 'ਬੱਚੇ ਦੀ ਸ਼ਖ਼ਸੀਅਤ ਦੀ ਪ੍ਰਫੁਲਤਾ' ਬਚਿਆਂ ਦੇ ਮਾਪੇ ਤਾਂ ਬਦਲਦੇ ਹੀ ਬਦਲਣਗੇ, ਕਿਉਂ ਨਾ ਬਚਿਆਂ ਨੂੰ ਮਾਪਿਆਂ ਤੋਂ ਛੁਟਕਾਰਾ ਦੁਆ ਕੇ ਐਸੇ ਸਕੂਲਾਂ ਵਿਚ ਭੇਜ ਦਿਤਾ ਜਾਏ। ਜਿਤਨੀ ਜਲਦੀ ਬੱਚੇ ਮਾਪਿਆਂ ਦੇ ਅਸਰ ਹੇਠੋਂ ਨਿਕਲ ਸਕਣ, ਬੱਚੇ ਦੇ ਭਵਿੱਖਤ ਵਾਸਤੇ ਚੰਗਾ ਹੈ। ਬਚਿਆਂ ਵਾਸਤੇ ਨਰਸਰੀਆਂ ਹੋਣ, ਕਿੰਡਰਗਾਰਟਨ ਹੋਣ ਤੇ ਇਮਤਿਹਾਨਾਂ ਤੋਂ ਆਜ਼ਾਦ ਸਕੂਲ ਹੋਣ। ਜਿਨ੍ਹਾਂ ਬਚਿਆਂ ਨੇ ਵਡਿਆਂ ਹੋ ਕੇ ਸਾਂਝੀ ਜ਼ਿੰਦਗੀ ਗੁਜ਼ਾਰਨੀ ਹੈ, ਉਹ ਛੋਟੇ ਹੁੰਦਿਆਂ ਤੋਂ ਹੀ ਐਸੀ ਜ਼ਿੰਦਗੀ ਦੇ ਆਦੀ ਕਿਉਂ ਨਾ ਹੋ ਜਾਣ, ਬਜਾਏ ਏਸ ਦੇ ਕਿ ਪੰਜ ਛੇ ਸਾਲ ਤਕ ਘਰ ਦੀ ਇਕੱਲ-ਖੋਰੀ ਵਿਚ ਆਪਣੀਆਂ ਆਦਤਾਂ ਨੂੰ ਪੱਕਿਆਂ ਕਰ ਕੇ ਉਹ ਜਾ ਕੇ ਔਖੇ ਹੋ ਜਾਣ ਤੇ ਮੁਰਦਾ ਤਾਲੀਮ ਨਾਲ ਮੁਰਦਾ ਦਿਲ ਹੀ ਹੋ ਜਾਣ।

ਆਜ਼ਾਦ ਨਰਸਰੀਆਂ, ਆਜ਼ਾਦ ਕਿੰਡਰਗਾਰਟਨ ਤੇ ਆਜ਼ਾਦ ਸਕੂਲ-ਜਿਥੇ ਨਾ ਬੱਚੇ ਨੂੰ ਘੁਰਕਾਂ ਦੇਣ ਵਾਲਾ ਕੋਈ ਹੋਵੇ, ਨਾ ਮਾਰਨ ਵਾਲਾ ਹੋਵੇ ਤੇ ਨਾ ਲਾਡਾਂ ਨਾਲ ਵਿਗਾੜਨ ਵਾਲਾ ਹੋਵੇ। ਬੱਚੇ ਰਲ ਮਿਲ ਕੇ ਖੇਡਣ, ਗਾਣ, ਜੋ ਮਰਜ਼ੀ ਹੈ ਕਰਨ, ਪਰ ਮਾਪਿਆਂ ਦਾ ਦਖ਼ਲ ਬਿਲਕੁਲ ਨਾ ਹੋਵੇ। ਮਾਪੇ ਬੜੀ ਛੇਤੀ ਕਾਹਲੇ ਪੈ ਜਾਂਦੇ ਹਨ। ਬੱਚਿਆਂ ਦੇ ਹਥ ਗੰਦੇ ਵੇਖ ਕੇ, ਉਨ੍ਹਾਂ ਦੇ ਕਪੜਿਆਂ ਨੂੰ ਮਿੱਟੀ ਲਗੀ ਹੋਈ ਵੇਖ ਕੇ, ਉਨ੍ਹਾਂ ਨੂੰ ਖੇਡਦਿਆਂ ਦੇਖ ਕੇ, ਘਬਰਾ ਉਠਦੇ ਹਨ। ਪਰ ਬੱਚੇ ਏਸੇ ਤਰਾਂ ਆਪਣਾ ਆਪ ਸੰਭਲ ਸਕਣਗੇ, ਗੰਦੇ ਕਪੜੇ ਹੀ ਉਨ੍ਹਾਂ ਨੂੰ ਸਾਫ਼ ਕਪੜਿਆਂ ਦੀ ਕਦਰ ਸਿਖਾ ਸਦਕੇ ਹਨ, ਸਰੀਰ ਦੇ ਸਾਰੇ ਅੰਗਾਂ ਨੂੰ ਵਰਤ ਸਕਣਾ ਹੀ ਅਸਲੀ ਤਾਲੀਮ ਹੈ, ਕਿਤਾਬਾਂ ਦੇ ਕੀੜੇ ਬਣਨਾ ਤਾਲੀਮ ਨਹੀਂ। ਜਿਹੜਾ ਆਲਾ ਦੁਆਲਾਂ ਬੱਚੇ ਨੂੰ ਸਾਂਝੀ ਜ਼ਿੰਦਗੀ ਲਈ - ਪੁਰਾ ਮੌਕਾ ਦਿੰਦਾ ਹੈ, ਜਿੱਥੇ ਉਹ ਪੂਰੀ ਖੁਲ੍ਹ ਨਾਲ ਹਸ, ਖੇਡ ਤੇ ਸਿਖ ਸਕਦਾ ਹੈ, ਉਹ ਹੀ ਬੱਚੇ ਦਾ ਅਸਲੀ ਸਕੂਲ ਹੈ।

੧੧੩