ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਠ)

ਸ਼ੁਰੂ ਕਰ ਦਿਤੀਆਂ॥

ਠੌਰ ਠੌਰ ਧਰ ਮੋਰਚੇ ਉਪਰ ਤੋਪ ਚੜ੍ਹਾਇ।
ਰਚਿਓ ਦੁੱਧ ਤਾਹੀ ਸਮੇਂ ਦਈ ਪਲੀਤੀ ਲਾਇ॥
ਚਹੂੰ ਓਰ ਸਬ ਦਲ ਖਰੇ ਬੀਚ ਸਿੰਘ ਗੋਬਿੰਦ।
ਤਾਹਿਂ ਸਮੇ ਛਬ ਯੌ ਕਹ੍ਯੋ ਜਿਉਂ ਤਾਰਨ ਮੇਂ ਚੰਦ॥
ਗਿਰਦ ਆਨ ਸਭ ਦਲ ਖਰੇ ਖੇਤ ਬਾਰ ਜਿਉਂ ਹੋਇ।
ਤਿਹ ਸਮਾਨ ਘੇਰਾ ਪਰੇ ਚਹੁ ਦਿਸ ਰਾਹ ਨ ਕੋਇ॥
                                          (ਗੁਰ ਸੋਭਾ ਗ੍ਰੰਥ)

ਪਰ ਜਦ ਗੁਰੂ ਜੀ ਨੇ ਭਲੀ ਭਾਂਤ ਦੇਖ ਲਿਆ ਕਿ ਬਾਦਸ਼ਾਹੀ ਅਫਸਰਾਂ ਤੇ ਸਰਦਾਰਾਂ ਨੇ ਆਪਣਾ ਐਹਦ ਤੋੜ ਦਿਤਾ ਹੈ ਤਾਂ ਇਨਾਂ ਨੇ ਭੀ ਖਾਲਸੇ ਨੂੰ ਤੀਰਾਂ ਤੇ ਬੰਦੂਕਾਂ ਦੇ ਚਲਾਉਣ ਦੀ ਆਗ੍ਯਾ ਦੇ ਦਿਤੀ, ਸਾਰੀ ਰਾਤ ਦੋਨਾਂ ਪਾਸਿਓਂ ਗੋਲੀਆਂ ਤੇ ਤੀਰ ਬਰਸਦੇ ਰਹੇ ਪਰ ਕਿਸੇ ਦਾ ਇਹ ਹੌਸਲਾ ਨਾ ਪਿਆ ਕਿ ਕਿਲੇ ਦੇ ਅੰਦਰ ਵੜਕੇ ਗੁਰੂ ਜੀ ਨੂੰ ਫੜਦਾ, ਦਿਨ ਚੜ੍ਹਿਆ ਫੇਰ ਯੁੱਧ ਸ਼ੁਰੂ ਹੋ ਗਿਆ ਤੀਰ ਤੇ ਗੋਲੀਆਂ ਮੁਕਣ ਤੋਂ ਏਹ ਤਜਵੀਜ਼ ਹੋਈ ਕਿ ਇਕ ੨ ਸਿੰਘ ਨੂੰ ਮੈਦਾਨ ਵਿਖੇ ਲੜਨ ਲਈ ਭੇਜਿਆ ਜਾਵੇ। ਇਸ ਪ੍ਰਕਾਰ ਇਕ ੨ ਸਿੰਘ ਲੜਨ ਲਈ ਬਾਹਰ ਜਾਂਦਾ ਤੇ ਕਈਆਂ ਦਾ ਕੰਮ ਕਰਕੇ ਅੰਤ ਨੂੰ ਸ਼ਹੀਦ ਹੋ ਜਾਂਦਾ। ਇਸ ਯੁੱਧ ਦੇ ਸੰਪੂਰਨ ਹਲ ਲਿਖਣੇ ਦੀ ਕੋਈ ਲੋੜ ਨਹੀਂ, ਕਿਉਂ ਜੋ ਇਸ ਦਾ ਬਰਨਣ ਗੁਰੂ ਜੀ ਨੇ ਖੁਦ ਜ਼ਫ਼ਰ ਨਾਮੇਂ ਵਿਖੇ ਲਿਖਿਆ ਹੈ ਜਿਸ ਨੂੰ ਪੜ੍ਹਨ ਵਾਲੇ ਪ੍ਰੇਮੀ ਖੁਦ ਹੀ ਦੇਖ ਲੈਣਗੇ. ਅੰਤ ਨੂੰ ਦੋਨੋਂ ਬਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ ਭੀ ਸ਼ਹੀਦ ਹੋ ਗਏ, ਤੇ ਉਧਰੋਂ ਨਾਹਰ ਖਾਂ ਮਲੇਰੀ, ਮੁਹੰਮਦ ਖਾਂ ਫਗਵਾੜੀ, ਦਿਲਾਵਰ ਖਾਂ ਕਸੂਰੀ, ਸਮੰਦ ਖਾਂ ਲਹੌਰੀ ਮਾਰੇ ਗਏ,ਤੇ ਜਦ ਗੁਰੂ ਜੀ ਨਾਲ ਕੇਵਲ ਅੱਠ ਦਸ ਸਿੰਘ ਹੀ ਰਹਿ ਗਏ ਤਾਂ ਸਿੰਘਾਂ ਨੇ ਗੁਰੂ ਜੀ ਨੂੰ ਇਥੋਂ ਚਲੇ ਜਾਣ ਦੀ ਪ੍ਰਾਰਥਨਾ ਕੀਤੀ