(੧੨੯)
ਨਾ ਜਾਂਦਾ, ਓਹ ਸੂਰਬੀਰ ਭੀ ਜਾਨਾਂ ਦਿੰਦੇ ਪਰ ਇਕ ਪੈਰ ਪਿਛੇ ਨਾ ਕਰਦੇ। ਇਹ ਵੇਖ ਬਾਬਾ ਬਿਨੋਦ ਸਿੰਘ ਤੇ ਬਾਜ ਸਿੰਘ ਜੀ ਨੇ ਘੋੜੇ ਦੁੜਾਕੇ ਬਾਬਾ ਬੰਦਾ ਜੀ ਨੂੰ ਖਬਰ ਕੀਤੀ ਜੋ ਤਿੰਨ ਮੀਲ ਪਿਛੇ ਭਜਨ ਪਾਠ ਵਿਖੇ ਲਗੇ ਹੋਏ ਸਨ, ਇਹ ਸੁਣਦੇ ਹੀ ਬਾਬਾ ਬੰਦਾ ਜੀ ਘੋੜੇ ਪਰ ਸਵਾਰ ਹੋਕੇ ਝਟ ਯੁੱਧ ਵਿਖੇ ਪੁੱਜੇ ਤੇ ਸਤਿ ਸ੍ਰੀ ਅਕਾਲ ਜਾ ਗਜਾਇਆ। ਹੁਣ ਖਾਲਸੇ ਦੇ ਅਜੇਹੇ ਹੌਂਸਲੇ ਵਧੇ ਕਿ ਤੁਰਕਾਂ ਨੂੰ ਅਗੇ ਤੋਰ ਲਿਆ ਤੇ ਉਨਾਂ ਦੇ ਹਥ ਪੈਰ ਫੁਲ ਗਏ ਇਤਨੇ ਨੂੰ ਖਾਲਸਾ ਤੇਗਾਂ ਧੂਹ "ਅਕਾਲ ਅਕਾਲ" ਕਰਦਾ ਹੋਇਆ ਤੁਰਕਾਂ ਪਰ ਬਿਜਲੀ ਦੀ ਭਾਂਤਿ ਜਾ ਪਿਆ, ਮੁਸਲਮਾਨ ਸਾਮਣੇ ਨਾ ਠੈਹਰ ਸਕੇ ਅਤੇ ਅੰਤ ਨੂੰ ਉਨਾਂ ਨੂੰ ਭੱਜਨੇ ਦੀ ਹੀ ਬਣੀ ਤੇ ਖਾਲਸੇ ਨੇ ਉਨ੍ਹਾਂ ਦਾ ਪਿਛਾ ਕੀਤਾ। ਇਸ ਭਜ ਦੌੜ ਵਿਚ ਬਾਜ਼ੀਦ ਖਾਂ ਸੂਬਾ ਸਰਹੰਦ ਆਪਣੇ ਘੋੜੇ ਤੋਂ ਡਿਗ ਪਿਆ ਅਜੇਹੇ ਸਮੇਂ ਜਦੋਂ ਕਿ ਸਭ ਨੂੰ ਆਪਣੀ ਆਪਣੀ ਜਾਨ ਦੀ ਪਈ ਹੋਈ ਸੀ, ਉਸ ਦੀ ਕੌਣ ਸੰਭਾਲ ਕਰਦਾ ਅੰਤ ਨੂੰ ਖਾਲਸੇ ਨੇ ਉਸ ਨੂੰ ਜਾ ਸੰਭਾਲਿਆ ਤੇ ਬਾਬਾ ਬੰਦਾ ਜੀ ਦੇ ਜਾ ਪੇਸ਼ ਕੀਤਾ, ਜਿਨਾਂ ਨੇ ਉਸਦੇ ਕੈਦ ਰਖਣ ਦੀ ਆਗ੍ਯਾ ਦਿਤੀ। ਖਾਲਸੇ ਨੇ ਸਤ ਮੀਲ ਤੋੜੀ ਤੁਰਕਾਂ ਦਾ ਪਿਛਾ ਕੀਤਾ ਤੇ ਉਨਾਂ ਦੀਆਂ ਲਾਸ਼ਾਂ ਦੇ ਢੇਰ ਲਾ ਦਿਤੇ।
ਬੰਦੇ ਬਹਾਦੁਰ ਜੀ ਨੇ ਸ਼ਹਿਰ ਵਿਖੇ ਦਾਖਲ ਹੋ ਕਤਲਾਮ ਦੀ ਆਗ੍ਯਾ ਦਿਤੀ, ਜੋ ਸਾਹਮਣੇ ਨਜ਼ਰ ਆਇਆ ਤਲਵਾਰ ਨਾਲ ਦੋ ਟੁਕੜੇ ਹੋਇਆ, ਲੋਗ ਸ਼ਹਿਰ ਛਡਕੇ ਭਜ ਗਏ, ਬਿਚਾਰੀਆਂ ਪਠਾਣ ਇਸਤ੍ਰੀਆਂ ਤੇ ਅਮੀਰਾਂ ਦੀਆਂ ਪੁਤ੍ਰੀਆਂ ਜਿਨਾਂ ਨੇ ਕਦੇ ਦੂਜੇ ਪੁਰਖ ਦੀ ਸੁਰਤ ਨਹੀਂ ਵੇਖੀ ਸੀ ਅਜ ਮਾਰੀਆਂ ਮਾਰੀਆਂ ਫਿਰਦੀਆਂ ਸਨ ਤੇ ਅਤ੍ਯੰਤ ਬੁਰੇ ਬੁਰੇ ਸ਼ਬਦਾਂ ਨਾਲ ਬਾਜ਼ੀਦ ਖਾਂ ਨੂੰ ਕੋਸਦੀਆਂ ਤੇ ਗਾਲੀ ਕਢਦੀਆਂ ਸਨ, ਨਾਂ ਮਾਂ ਬੇਟੀ ਦੀ ਖਬਰ ਤੇ ਨਾ ਬੇਟੇ ਨੂੰ ਬਾਪ ਦੀ ਸੁਧ ਸੀ, ਸਭ ਆਪਣੀ ਆਪਣੀ ਪਈ ਹੋਈ ਸੀ ਕੋਈ ਕਿਸੇ ਨੂੰ ਨਹੀਂ ਪੁੱਛਦਾ ਸੀ, ਗਲ ਕੀ ਤਿੰਨ ਦਿਨ ਤੋੜੀ ਖਾਲਸੇ ਨੇ ਸਰਹੰਦ ਨੂੰ ਓਹ ਲੁੱਟਿਆ ਕਿ ਕਿਸੀ ਦੇ ਘਰ ਕੁਝ ਭੀ ਨਾ ਛਡਿਆ।