ਇਹ ਸਫ਼ਾ ਪ੍ਰਮਾਣਿਤ ਹੈ

ਜੈ ਚੀਨ!

(ਚੀਨ ਦੀ ਵਿਜਈ ਜਨਤਾ ਦੇ ਨਾਮ)

ਜੈ, ਅਜ਼ਾਦੀ ਦੀ ਜੰਗ ਦੇ ਸ਼ੈਦਾਈਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

ਜਿਨ੍ਹਾਂ ਸਾਮਰਾਜਸ਼ਾਹੀ ਨੂੰ ਚੁਫਾਲ ਸੁਟਿਆ,
ਜਿਨ੍ਹਾਂ ਜ਼ਿੰਦਗੀ ਦੇ ਗੰਦ ਨੂੰ ਹੰਗਾਲ ਸੁਟਿਆ,
ਉਨ੍ਹਾਂ ਮਾਓ-ਜ਼ੇ-ਤੁੰਗ ਦੀਆਂ ਸਫ਼ਾਈਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

ਜਿਨ੍ਹਾਂ ਵਡੀਆਂ ਤੋਂ ਵਡੀਆਂ ਸੁਗਾਤਾਂ ਵਾਰੀਆਂ,
ਜਿਨ੍ਹਾਂ ਸੋਹਣੀਆਂ ਸੁਹਾਗ ਦੀਆਂ ਰਾਤਾਂ ਵਾਰੀਆਂ,
ਉਨ੍ਹਾਂ ਰਾਂਝਣਾਂ ਤੇ ਹੀਰਾਂ ਦੀ ਜੁਦਾਈਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

ਜਿਨ੍ਹਾਂ ਅੰਮੜੀਆਂ ਦੇ ਲਾਲ ਬੇਮਿਸਾਲ ਤਰ ਗਏ,
ਜਿਨ੍ਹਾਂ ਸੋਹਣੀਆਂ ਦੇ ਹੁਸਨ ਤੇ ਜਮਾਲ ਤੁਰ ਗਏ,
ਉਨ੍ਹਾਂ ਫੇਰ ਵੀ ਨ ਅਖੀਆਂ ਵਹਾਈਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

ਗੁੰਮਨਾਮ ਕਈ ਦੇਸ਼ ਦੇ ਜਵਾਨ ਤੁਰ ਗਏ,
ਕਈ ਕੌਮ ਦੇ ਸ਼ਹੀਦ ਬੇ-ਪਛਾਣ ਤੁਰ ਗਏ,
ਉਨ੍ਹਾਂ ਜਨਤਾ ਦੇ ਸਚਿਆਂ ਸਹਾਈਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

-੨੩-