ਇਹ ਸਫ਼ਾ ਪ੍ਰਮਾਣਿਤ ਹੈ

ਬੁਲ੍ਹੀਆਂ ਨੂੰ ਬੁਲ੍ਹੀਆਂ ਲਾ ਬੈਠਾਂਂ,
ਬੁਲ੍ਹੀਆਂ ਦੀ ਪਿਆਸ ਬੁਝਾ ਬੈਠਾਂਂ,
ਲਜ਼ਤਾਂ ਦਾ ਭਰਿਆ ਜਾਮ ਹਾਂ ਮੈਂ,
ਏਸੇ ਲਈ ਅਜ ਬਦਨਾਮ ਹਾਂ ਮੈਂ!

ਮੈਂ ਰੋਣਾ ਸੁਣ ਕੇ ਰੋ ਬੈਠਾਂ
ਇਕ ਅਥਰੂ ਬਣ ਕੇ ਚੋ ਬੈਠਾਂ,
ਦਰਦਾਂ ਦੇ ਪੁਆਂਦਾ ਦਾਮ ਹਾਂ ਮੈਂ,
ਏਸੇ ਲਈ ਅਜ ਬਦਨਾਮ ਹਾਂ ਮੈਂ!

ਮਸਤੀ ਵਿਚ ਆ ਕੇ ਨਚ ਬੈਠਾਂਂ,
ਤੇ ਧੁੰੰਮ ਧੁੰਮਾ ਕੇ ਮਚ ਬੈਠਾਂਂ,
ਹਸਤੀ ਤੋਂ ਅਜ ਉਪਰਾਮ ਹਾਂ ਮੈਂ,
ਏਸੇ ਲਈ ਅਜ ਬਦਨਾਮ ਹਾਂ ਮੈਂ!

ਹੱਸਣ ਨੂੰ ਟਿਕਾਣਾ ਲਭਦਾ ਹਾਂ,
ਰੋਵਣ ਨੂੰ ਟਿਕਾਣਾ ਲਭਦਾ ਹਾਂ,
ਹਰ ਖੁਲ੍ਹ ਲਈ ਲਭਦਾ ਧਾਮ ਹਾਂ ਮੈਂ,
ਏਸੇ ਲਈ ਅਜ ਬਦਨਾਮ ਹਾਂ ਮੈਂ!

-੨੦-