ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੇ ਇਕ ਮਜ਼ਦੂਰ ਹਾਂ, ਕੰਗਾਲ ਹਾਂ!
ਮਾਣ ਕਰ ਸਕਦਾ ਹਾਂ ਮੈਂ ਕਿਸ ਚੀਜ਼ ਤੇ?
ਦਿਲ ’ਚ ਮੇਰੇ ਪਿਆਰ ਜੇ ਭਰਿਆ ਪਿਆ,
ਕੌਣ ਜੀ ਸਕਦਾ ਏ ਖ਼ਾਲੀ ਰੀਝ ਤੇ?
ਰਾਣੀ ਨੂੰ ਮੈਂ ਦੇ ਵੀ ਕੀ ਸਕਦਾ ਹਾਂ ਫਿਰ?
ਕੋਲ ਮੇਰੇ ਪਯਾਰ ਬਾਝੋਂ ਕੁਛ ਨਹੀਂ!
ਵਾਰ ਸਕਦਾ ਹਾਂ ਮੈਂ ਅਪਣਾ ਆਪ ਜਾਂ
ਪਯਾਰ ਦੀ ਇਕ ਸਾਰ ਬਾਝੋਂ ਕੁਛ ਨਹੀਂ!
ਕਿਉਂ ਮੇਰੀ ਰਾਣੀ ਪਰਾਈ ਹੋ ਗਈ?
ਹੋ ਗਿਆ ਕਿਹੜਾ ਮੇਰੇ ਪਾਸੋਂ ਗੁਨਾਹ?
ਹੋਇਆ ਕੀ ਦੌਲਤ ਨਹੀਂ ਜੇ ਘਰ ਮੇਰੇ?
ਏਸ ਦੌਲਤ ਦਾ ਭਲਾ ਕੀ ਏ ਵਿਸਾਹ?

ਜ਼ਿੰਦਗੀ ਦੀ ਆ ਰਹੀ ਏ ਨਵ-ਸਵੇਰ,
ਪੈ ਰਿਹਾ ਸਰਮਾਏ ਦਾ ਮਧਮ ਪ੍ਰਕਾਸ਼!
ਕਣਕ ਦੇ ਸਿੱਟੇ ਸੁਨਹਿਰੀ ਹੋ ਰਹੇ,
ਧਰਤ ਤੇ ਸ਼ਬਨਮ ਪਈ ਚਾਂਦੀ-ਬਿਨਾਸ਼!
ਪਰ ਮੇਰੀ ਰਾਣੀ ਨੂੰ ਦਿਸਿਆ ਨੂਰ ਨਾ
ਧਰਤ ਤੇ ਆਕਾਸ਼ ਦੇ ਦੋਮੇਲ ਤੇ!
ਪਰਖ ਨਾ ਮੈਨੂੰ ਸਕੀ ਉਸਦੀ ਨਜ਼ਰ
ਜ਼ਿੰਦਗੀ ਵਿਚ ਬਾਲਪਨ ਦੀ ਖੇਲ ਤੇ!

ਭਾ ਗਿਆ ਸਰਮਾਏ ਦਾ ਉਸਨੂੰ ਪ੍ਰਕਾਸ਼!
ਤੁਰ ਗਈ ਉਹ ਨਾਲ ਉਸ ਪਰਕਾਸ਼ ਦੇ,
ਕਰ ਗਈ ਮੈਨੂੰ ਨਿਰਾਸ!

-੧੧੩-