ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

(੫) ਕਿਸੇ ਸਿੱਖ ਨੂੰ ਉਸ ਦੀ ਜ਼ਾਤ ਦੇ ਕਾਰਨ
ਨੀਚ ਨ ਸਮਝਿਆ ਜਾਵੇ ਅਤੇ ਉਸਦੀ ਨੌਕਰੀ
ਵਿੱਚ ਕੋਈ ਰੋਕ ਨ ਪਾਈ ਜਾਵੇ!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ
ਐਲਾਨ ਨੰ: ੭੪ ਮਿਤੀ ੨੩-੮-੩੨
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੇਖਕੇ
ਬੜਾ ਦੁਖ ਹੋਇਆ ਹੈ ਕਿ ਕਈ ਥਾਈਂ ਮਜ਼੍ਹਬੀ ਆਦਿ ਸਿੱਖਾਂ ਨੂੰ
ਨੀਚ ਕਹਿਕੇ ਉਨ੍ਹਾਂ ਦੀ ਫੌਜੀ, ਸਿਵਲ ਤੇ ਪੁਲਸ ਦੀ ਨੌਕਰੀ ਵਿੱਚ
ਸਿੱਖਾਂ ਵਲੋਂ ਹੀ ਰੋਕ ਪਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਖੂਹਾਂ ਉਤੇ
ਨਹੀਂ ਚੜ੍ਹਨ ਦਿਤਾ ਜਾਂਦਾ। ਸਿੱਖ ਧਰਮ ਅਨੁਸਾਰ ਸਭ ਸਿੱਖ
ਭਾਈ ਹਨ ਅਤੇ ਜ਼ਾਤ ਪਾਤ ਕਰਕੇ ਊਚ ਨੀਚ ਸਮਝਣਾ ਮਹਾਂ
ਪਾਪ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸੰਬੰਧਤ
ਗੁਰਦੁਆਰਿਆਂ ਵਿਚ ਏਸੇ ਅਸੂਲ ਅਨੁਸਾਰ ਵਰਤੋਂ ਕਰਵਾ ਰਹੀ
ਹੈ, ਚੁਨਾਚਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਕਾਲ
ਤਖਤ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਨਨਕਾਣਾ ਸਾਹਿਬ
ਆਦਿ ਕਿਸੇ ਭੀ ਗੁਰਦੁਆਰੇ ਵਿਚ ਕਿਸੇ ਭੀ ਜ਼ਾਤ ਦਾ ਯਾਤਰੂ
ਮਰਯਾਦਾ ਪੂਰਬਕ ਕੜਾਹ ਪ੍ਰਸ਼ਾਦ ਲੈ ਆਵੇ ਤਾਂ ਉਸਨੂੰ ਕਿਸੇ ਭੀ
ਕਿਸਮ ਦੀ ਰੋਕ ਨਹੀਂ। ਉਹ ਪ੍ਰਸ਼ਾਦ ਬਾਕੀ ਸੰਗਤ ਵਿਚ
ਵਰਤਾਇਆ ਜਾਂਦਾ ਹੈ।
ਸੋ ਸਭ ਸਿੰਘਾਂ ਅਗੇ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਗੁਰੂ
ਕਾ ਸਿੱਖ ਅਗੇ ਤੋਂ ਕਿਸੇ ਸਿੱਖ ਨੂੰ ਉਸਦੀ ਜ਼ਾਤ ਦੇ ਕਾਰਣ ਨੀਚ ਨ
ਸਮਝੇ ਤੇ ਉਸਦੀ ਨੌਕਰੀ ਵਿਚ ਕੋਈ ਰੋਕ ਨ ਪਾਵੇ ਅਤੇ ਖੂਹਾਂ ਤੇ ਚੜ੍ਹਨ
ਤੋਂ ਨ ਰੋਕੇ ਅਤੇ ਨਾਂ ਹੀ ਗਵਰਨਮੈਂਟ ਨੂੰ ਕਿਸੇ ਸਿੱਖ ਨੂੰ ਮੁਲਾਜ਼ਮਤ
ਦੇਣ ਸਮੇਂ ਜ਼ਾਤ ਦਾ ਕੋਈ ਭਰਮ ਕਰਨਾ ਚਾਹੀਦਾ ਹੈ।