ਪੰਨਾ:ਚੰਬੇ ਦੀਆਂ ਕਲੀਆਂ.pdf/15

ਇਹ ਸਫ਼ਾ ਪ੍ਰਮਾਣਿਤ ਹੈ

( ੪ )

ਥਾਣੇਦਾਰ ਨੇ ਰਘਬੀਰ ਸਿੰਘ ਦੇ ਇਕ ਥੈਲੇ ਵਿਚੋਂ ਇਕ ਛੁਰਾ ਕਢਿਆ ਤੇ ਪੁਛਣ ਲਗਾ, ਇਹ ਕਿਸ ਦਾ ਹੈ? ਰਘਬੀਰ ਸਿੰਘ ਛੁਰੇ ਉਤੇ ਲਹੂ ਦੇ ਨਿਸ਼ਾਨ ਵੇਖ ਕੇ ਡਰ ਗਿਆ। ਅਫਸਰ ਨੇ ਪੁਛਿਆ ਏਸ ਛੁਰੇ ਉਤੇ ਲਹੂ ਕਿਥੋਂ ਆਇਆ?

ਰਘਬੀਰ ਸਿੰਘ ਨੇ ਜਵਾਬ ਦੇਣ ਦਾ ਯਤਨ ਕੀਤਾ, ਪਰੰਤੂ ਉਸ ਦੇ ਮੂੰਹ ਵਿਚੋਂ ਆਵਾਜ਼ ਨਾ ਨਿਕਲੀ ਅਤੇ ਅਟਕ-੨ ਕੇ ਬੋਲਿਆ ਕਿ "ਮੈਨੂੰ ਪਤਾ ਨਹੀਂ, ਮੇਰਾ ਨਹੀਂ।" ਥਾਣੇਦਾਰ ਨੇ ਆਖਿਆ: "ਅੱਜ ਪ੍ਰਭਾਤ ਵਲੇ ਵਿਛੌਣੇ ਉਤੇ ਸੌਦਾਗਰ ਦਾ ਗਲ ਕਟਿਆ ਹੋਇਆ ਸੀ। ਤੈਥੋਂ ਬਿਨਾਂ ਹੋਰ ਕੌਣ ਇਹ ਕਰ ਸਕਦਾ ਸੀ? ਤੁਹਾਡੀਆਂ ਕੋਠੜੀਆਂ ਨੂੰ ਅੰਦਰੋਂ ਜੰਦਰਾ ਸੀ ਅਤੇ ਉਥੇ ਹੋਰ ਕੋਈ ਜੀਵ ਨਹੀਂ ਸੀ ਤੇ ਤੇਰੇ ਹੀ ਥੈਲੇ ਵਿਚੋਂ ਲਹੂ ਭਰਿਆ ਛੁਰਾ ਨਿਕਲਿਆ ਹੈ, ਹੁਣ ਤੇਰਾ ਮੁਖ ਅਤੇ ਬੋਲ ਤੇਰੇ ਵਿਰੁਧ ਗਵਾਹੀ ਦੇ ਰਹੇ ਹਨ। ਤੂੰ ਦੱਸ ਕੇ ਉਸਨੂੰ ਕਿੱਦਾਂ ਮਾਰਿਆ ਅਤੇ ਕਿਸ ਤਰਾਂ ਉਸਦਾ ਰੁਪਯਾ ਚੁਰਾਇਆ? "

ਰਘਬੀਰ ਸਿੰਘ ਨੇ ਸਹੁੰ ਚੁਕ ਕੇ ਆਖਯਾ: ਕਿ ਮੈਂ ਸੌਦਾਗਰ ਨੂੰ ਨਹੀਂ ਵਢਿਆ, ਚਾਹ ਪੀਣ ਤੋਂ ਮਗਰੋਂ ਮੈਂ ਉਸਨੂੰ ਦੇਖਿਆ ਹੀ ਨਹੀਂ। ਮੇਰੇ ਆਪਣੇ ਅੱਠ ਸੌ ਰੁਪਏ ਤੋਂ ਬਿਨਾਂ ਮੇਰੇ ਪਾਸ ਹੋਰ ਕਿਸੇ ਦਾ ਰੁਪਯਾ ਨਹੀਂ। ਛੁਰਾ ਭੀ ਮੇਰਾ ਨਹੀਂ, ਪਰੰਤੂ ਉਸਦਾ ਬੋਲ ਟੁਟਾ ਹੋਇਆ ਸੀ, ਮੂੰਹ ਪੀਲਾ ਸੀ ਤੇ ਦੋਸ਼ੀਆਂ ਵਾਂਗ ਭੈ ਨਾਲ ਕੰਬਦਾ ਸੀ।

ਥਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਦਿਤਾ ਕਿ ਇਸ ਦੀਆਂ ਮੁਸ਼ਕਾਂ ਕੱਸਕੇ ਮੋਟਰਕਾਟ ਵਿਚ ਸਿੱਟ ਦਿਓ। ਜਿਸ ਵੇਲੇ ਉਸ ਦੇ ਹੱਥ ਬੰਨ੍ਹੇ ਗਏ, ਉਸ ਨੇ ਚਿੱਤ ਵਿਚ ਹੀ ਅਰ-