ਪੰਨਾ:ਚੰਬੇ ਦੀਆਂ ਕਲੀਆਂ.pdf/140

ਇਹ ਸਫ਼ਾ ਪ੍ਰਮਾਣਿਤ ਹੈ

( ੧੨੯ )

'ਬਸ ਸਾਂਈ ਤੈਨੂੰ ਨੇਕੀ ਦੇਵੇ, ਤੂੰ ਮੈਨੂੰ ਚਾਹ ਤੇ ਆਤਮ ਅੰਮ੍ਰਿਤ ਦੋਵੇਂ ਪਿਲਾਏ ਹਨ।'

ਸੰਤੂ- 'ਧੰਨ ਭਾਗ, ਬਿਸ਼ਨਿਆਂ, ਫੇਰ ਵੀ ਆਵੀਂ, ਮੈਨੂੰ ਤੇਰੇ ਆਇਆਂ ਖੁਸ਼ੀ ਹੁੰਦੀ ਹੈ। ਜ਼ਰੂਰ ਦਰਸ਼ਨ ਦੇ ਜਾਵੀਂ।'

ਬਿਸ਼ਨਾ ਟੁਰ ਗਿਆ ਤੇ ਸੰਤੂ ਚਾਹ ਮੁਕਾਕੇ ਫੇਰ ਆਪਣੇ ਕੰਮ ਤੇ ਜਾ ਬੈਠਾ। ਕੰਮ ਕਰਦਾ ਕਰਦਾ ਫੇਰ ਬਾਰੀ ਥਾਂਣੀ ਵੇਖੇ ਤੇ ਬੈਠਾ ਰਬ ਨੂੰ ਉਡੀਕੇ। ਦੋ ਸਿਪਾਹੀ ਲੰਘੇ ਤੇ ਫੇਰ ਇਕ ਮੋਚੀ, ਫੇਰ ਦੋ ਭਟਿਆਰਨਾਂ ਲੜਦੀਆਂ ਲੰਘ ਗਈਆਂ, ਫੇਰ ਇਕ ਪੇਂਡੂ ਜ਼ਨਾਨੀ ਪੁਰਾਣੀ ਜੁਤੀ ਪਾਈ ਹੋਈ ਤੇ ਫਟਿਆ ਹੋਇਆ ਪਰਨਾਂ ਸਿਰ ਤੇ ਰੱਖੀ ਹੋਈ ਆਈ ਤੇ ਸੰਤੂ ਦੀ ਬਾਰੀ ਥੱਲੇ ਹਵਾ ਤੋਂ ਬਚਣ ਲਈ ਖਲੋ ਗਈ। ਸੰਤੂ ਨੇ ਦੇਖਿਆ ਕਿ ਇਸ ਜਨਾਨੀ ਦੇ ਕੁਛੜ ਦੁਧ ਪੀਂਦਾ ਬਚਾ ਹੈ, ਪਾਲੇ ਨਾਲ ਕੰਬਦਾ ਹੈ, ਮਾਂ ਉਸ ਦੇ ਉਦਾਲੇ ਕਪੜਾ ਦੇਣ ਦੀ ਕਰਦੀ ਹੈ, ਪਰ ਉਸ ਦੇ ਪਾਸ ਕਪੜਾ ਨਹੀਂ ਜੋ ਮੁੰਡੇ ਨੂੰ ਪਾਲੇ ਤੋਂ ਬਚਾਵੇ। ਬਾਰੀ ਵਿਚੋਂ ਸੰਤੂ ਨੇ ਮੁੰਡੇ ਦਾ ਰੋਣਾ ਤੇ ਮਾਂ ਦੇ ਮੂੰਹੋਂ-'ਨਾ ਮੇਰਾ ਬੱਚਾ' ਦੀ ਆਵਾਜ਼ ਸੁਣੀ। ਉਹ ਉਠਿਆ ਤੇ ਦਰਵਾਜ਼ਾ ਖੋਲ੍ਹਕੇ ਉਸ ਨੂੰ ਆਖਣ ਲਗਾ-'ਬੀਬੀ, ਬੀਬੀ, ਬੱਚਾ, ਅੰਦਰ ਆ ਜਾ।'

ਜ਼ਨਾਨੀ ਨੇ ਸੁਣਕੇ ਮੂੰਹ ਏਧਰ ਨੂੰ ਕੀਤਾ ਤੇ ਸੰਤੂ ਨੇ ਫੇਰ ਕਿਹਾ:-'ਬੀਬੀ ਬਾਹਰ ਮੁੰਡੇ ਨੂੰ ਲਈ ਫਿਰਦੀ ਹੈਂ, ਅੰਦਰ ਆ ਜਾ, ਇਥੇ ਆਣਕੇ ਮੁੰਡੇ ਤੇ