ਪੰਨਾ:ਚੰਬੇ ਦੀਆਂ ਕਲੀਆਂ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਦੂਜੇ ਐਡੀਸ਼ਨ ਬਾਬਤ ਬੇਨਤੀ

ਫ਼ਰਵਰੀ ੧੯੨੮ ਵਿਚ ਜਦ ਇਹ ਪੁਸਤਕ ਪੈਹਲੀ ਵਾਰ ਛਪੀ ਅਤੇ ਵਿਦਵਾਨ ਸਜਨਾਂ ਦੇ ਹਥ ਅਪੜੀ, ਤਾਂ ਇਸ ਦੀ ਉਹ ਕਦਰ ਹੋਈ ਜਿਹੜੀ ਮੈਂ ਕਦੀਂ ਸੁਪਨੇ ਵਿਚ ਭੀ ਖਿਆਲ ਨਹੀਂ ਸੀ ਕਰਦਾ। ਪੰਜਾਬ ਟੈਕਸਟ ਬੁਕ ਕਮੇਟੀ ਨੇ ਇਸਦੀ ਪ੍ਰਸੰਸਾ ਕਰਦੇ ਹੋਏ ਇਸ ਨੂੰ ਲਾਇਬ੍ਰੇਰੀਆਂ ਲਈ ਮਨਜ਼ੂਰ ਕੀਤਾ ਤੇ ਇਸਦੀਆਂ ਕਈ ਜਿਲਦਾਂ ਖ੍ਰੀਦਕੇ ਸਕੂਲਾਂ ਨੂੰ ਮੁਫਤ ਭੇਟਾ ਕੀਤੀਆਂ। ਇਸੇਤ੍ਰਾਂ ਹੀ ਚੀਫ ਖਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਨੇ ਭੀ ਕਾਫੀ ਗਿਣਤੀ ਵਿਚ ਜਿਲਦਾਂ ਖਰੀਦਕੇ ਆਸ਼੍ਰਮਾਂ ਨੂੰ ਭੇਜੀਆਂ। ਕੁਝ ਖਾਲਸਾ ਸਕੂਲਾਂ ਵਿਚ ਇਹ ਪੁਸਤਕ ਬਤੌਰ ਪੜ੍ਹਾਈ ਦੀ ਪੁਸਤਕ ਦੇ (Supplementary Readers) ਇਸਤੇਮਾਲ ਹੁੰਦੀ ਰਹੀ। ਮੇਰੇ ਆਪਣੇ ਮਿੱਤ੍ਰਾਂ ਤੋਂ ਬਿਨਾਂ ਬੇ-ਅੰਤ ਕ੍ਰਿਪਾਲੂਆਂ ਨੇ ਜਿਨਹਾਂ ਦੇ ਮੈਂ ਅਜ ਤਕ ਦਰਸ਼ਨ ਭੀ ਨਹੀਂ ਕੀਤੇ, ਪੁਸਤਕ ਦੀ ਤਾਰੀਫ ਵਿਚ ਮੈਨੂੰ ਅਤੇ ਪ੍ਰਕਾਸ਼ਕ ਨੂੰ ਚਿਠੀਆਂ ਲਿਖੀਆਂ। ਸਤਿਗੁਰੂ ਸਚੇ ਪਾਤਸ਼ਾਹ ਦਾ ਕੋਟਾਨ-ਕੋਟ ਧੰਨਵਾਦ ਹੈ ਕਿ ਮੇਹਨਤ ਸੁਫ਼ਲ ਹੋਈ।

ਦੂਜੇ ਐਡੀਸ਼ਨ ਵਿਚ ਸਿਵਾਏ ਕੁਝ ਮਾਮੂਲੀ ਅਦਲਾ ਬਦਲੀ ਦੇ ਅਤੇ ਛਾਪੇ ਦੀਆਂ ਪੁਰਾਣੀਆਂ ਗਲਤੀਆਂ ਸੋਧਣ ਦੇ ਹੋਰ ਕੋਈ ਖਾਸ ਤਬਦੀਲੀ ਨਹੀਂ ਕੀਤੀ ਗਈ। ਗੁਰਮੁਖੀ ਛਪਵਾਈ ਦੇ ਰੇਟ ਗਿਰ ਜਾਣ ਦੇ ਕਾਰਨ ਪੁਸਤਕ ਦੀ ਕੀਮਤ ਭੀ ਪਹਿਲੇ ਨਾਲੋਂ ਘਟ ਕਰ ਦਿਤੀ ਗਈ ਹੈ ਤਾਂ ਜੋ ਪੁਸਤਕ ਦੇ ਕਦਰਦਾਨ ਸਜਨਾਂ ਪਰ ਨਾਜਾਇਜ਼ ਬੋਝ ਨਾ ਪਵੇ।

ਸ੍ਰੀ ਅੰਮ੍ਰਿਤਸਰ ਅਪ੍ਰੈਲ ੧੯੩੩] [ਦਾਸ-ਅਭੈ ਸਿੰਘ